Attacked On Sikhs In Canada : ਕੈਨੇਡਾ ‘ਚ ਭਾਰਤੀਆਂ ‘ਤੇ ਹਮਲਿਆਂ ਦੀਆਂ ਲਗਾਤਾਰ ਖਬਰਾਂ ਆ ਰਹੀਆਂ ਹਨ, ਜਿਸ ‘ਚ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਤਾਜ਼ਾ ਮਾਮਲਾ ਕੈਨੇਡਾ ਦੇ ਸਰੀ ਸ਼ਹਿਰ ਦਾ ਹੈ, ਜਿੱਥੇ ਇੱਕ 40 ਸਾਲਾ ਸਿੱਖ ਔਰਤ ਨੂੰ ਘਰ ਵਿੱਚ ਵੜ ਕੇ ਕਈ ਵਾਰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਬੁੱਧਵਾਰ (7 ਦਸੰਬਰ) ਦੀ ਰਾਤ 9.30 ਵਜੇ ਚਾਕੂ ਨਾਲ ਹਮਲੇ ਦੀ ਸੂਚਨਾ ਮਿਲੀ। ਮਾਮਲੇ ਦੀ ਜਾਂਚ ਜਾਰੀ ਹੈ।


 

ਜਦੋਂ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਔਰਤ ਦੀ ਹਾਲਤ ਗੰਭੀਰ ਸੀ, ਜਦੋਂ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਔਰਤ ਹਰਪ੍ਰੀਤ ਕੌਰ ਦੇ 40 ਸਾਲਾ ਪਤੀ ਨੂੰ ਕਤਲ ਦੇ ਸ਼ੱਕ ਵਿੱਚ ਮੌਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ ਬਾਅਦ 'ਚ ਪੁੱਛਗਿੱਛ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ। ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਸ ਮਾਮਲੇ ਸਬੰਧੀ ਕੋਈ ਵੀ ਜਾਣਕਾਰੀ ਹੋਵੇ ਤਾਂ ਪੁਲਿਸ ਨੂੰ ਸੂਚਿਤ ਕੀਤਾ ਜਾਵੇ।

 

ਕੈਨੇਡਾ ਵਿੱਚ ਭਾਰਤੀਆਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ  


ਇਸ ਤੋਂ ਪਹਿਲਾਂ 23 ਸਤੰਬਰ ਨੂੰ ਹੀ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਕੈਨੇਡਾ ਵਿੱਚ ਰਹਿ ਰਹੇ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਸੀ। ਸਤੰਬਰ ਮਹੀਨੇ 'ਚ ਹੀ ਇੱਥੇ ਹਿੰਦੂ ਧਰਮ ਗ੍ਰੰਥ ਦੇ ਨਾਂ 'ਤੇ ਬਣੇ ਪਾਰਕ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਭਾਰਤੀਆਂ 'ਤੇ ਹਿੰਸਾ ਦਾ ਦੌਰ ਇੱਥੇ ਹੀ ਖਤਮ ਨਹੀਂ ਹੋ ਰਿਹਾ। ਪਿਛਲੇ ਕੁਝ ਸਾਲਾਂ ਦੀ ਗੱਲ ਕਰੀਏ ਤਾਂ ਕੈਨੇਡਾ ਵਿੱਚ ਭਾਰਤ ਵਿਰੋਧੀ ਗਤੀਵਿਧੀਆਂ ਅਤੇ ਨਫ਼ਰਤ ਕਾਰਨ ਕਈ ਅਪਰਾਧਿਕ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।

 

ਇਸ ਸਾਲ ਭਾਰਤੀਆਂ ਨਾਲ ਵਾਪਰੀਆਂ ਘਟਨਾਵਾਂ

ਫਰਵਰੀ ਮਹੀਨੇ 'ਚ ਗ੍ਰੇਟਰ ਟੋਰਾਂਟੋ ਇਲਾਕੇ 'ਚ 6 ਹਿੰਦੂ ਮੰਦਰਾਂ 'ਚ ਚੋਰੀ ਦੀਆਂ ਖਬਰਾਂ ਆਈਆਂ ਸਨ। ਮਾਮਲੇ 'ਚ ਮੰਦਰਾਂ ਦੇ ਦਾਨ ਬਾਕਸ 'ਚੋਂ ਨਕਦੀ ਅਤੇ ਗਹਿਣੇ ਚੋਰੀ ਹੋ ਗਏ। ਪੰਜਾਬ ਦੇ ਕਪੂਰਥਲਾ ਦੀ 25 ਸਾਲਾ ਹਰਮਨਦੀਪ ਕੌਰ ਦਾ ਮਾਰਚ ਮਹੀਨੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਭਾਰਤੀਆਂ 'ਚ ਕਾਫੀ ਗੁੱਸਾ ਹੈ।

 

 21 ਸਾਲਾ ਲੜਕੇ ਦੀ ਗੋਲੀ ਮਾਰ ਕੇ ਹੱਤਿਆ

ਅਪਰੈਲ ਵਿੱਚ ਕੈਨੇਡਾ ਦੇ ਟੋਰਾਂਟੋ ਵਿੱਚ 21 ਸਾਲਾ ਭਾਰਤੀ ਲੜਕੇ ਕਾਰਤਿਕ ਵਾਸੂਦੇਵ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਕੰਮ 'ਤੇ ਜਾ ਰਿਹਾ ਸੀ। ਇਸ ਦੇ ਨਾਲ ਹੀ ਜੁਲਾਈ ਵਿੱਚ ਇੱਕ ਹੋਰ ਮਾਮਲਾ ਸਾਹਮਣੇ ਆਇਆ ਸੀ ,ਜਦੋਂ ਕੈਨੇਡਾ ਦੇ ਓਨਟਾਰੀਓ ਵਿੱਚ ਸਥਿਤ ਵਿਸ਼ਨੂੰ ਮੰਦਰ ਵਿੱਚ ਮਹਾਤਮਾ ਗਾਂਧੀ ਦੀ ਮੂਰਤੀ ਦੀ ਭੰਨਤੋੜ ਕੀਤੀ ਗਈ ਸੀ। ਇਸ ਮਾਮਲੇ 'ਤੇ ਭਾਰਤ ਨੇ ਵੀ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।

 

ਪੰਜਾਬੀ ਮੀਡੀਆ ਹੋਸਟ ਜੋਤੀ ਸਿੰਘ ਮਾਨ 'ਤੇ ਹਮਲਾ

ਮਾਮਲੇ ਇੱਥੇ ਹੀ ਨਹੀਂ ਰੁਕੇ, ਅਗਸਤ ਅਤੇ ਸਤੰਬਰ ਵਿੱਚ ਹਮਲਿਆਂ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ। ਅਗਸਤ ਵਿੱਚ ਤਿੰਨ ਹਥਿਆਰਬੰਦ ਵਿਅਕਤੀਆਂ ਨੇ ਪੰਜਾਬੀ ਮੀਡੀਆ ਹੋਸਟ ਜੋਤੀ ਸਿੰਘ ਮਾਨ ਉੱਤੇ ਹਮਲਾ ਕੀਤਾ ਸੀ। ਇਸ ਮਾਮਲੇ ਦੀ ਵੀਡੀਓ ਵੀ ਵਾਇਰਲ ਹੋਈ ਸੀ। ਉੱਥੇ ਹੀ. ਸਤੰਬਰ 'ਚ ਇਕ ਹੋਰ ਮੰਦਰ ਦੀਆਂ ਕੰਧਾਂ 'ਤੇ ਭਾਰਤ ਵਿਰੋਧੀ ਗੱਲਾਂ ਲਿਖੀਆਂ ਗਈਆਂ ਸਨ। ਹੁਣ ਤਾਜ਼ਾ ਮਾਮਲਾ ਕੈਨੇਡਾ ਦੇ ਸਰੀ ਦਾ ਹੈ, ਜਿੱਥੇ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ।