Canada News: ਭਾਰਤ ਵਿੱਚ ਕਾਨੂੰਨ ਦੀ ਉਲੰਘਣਾ ਜਾਂ ਫਿਰ ਕੋਈ ਠੱਗੀ ਦੀ ਵਾਰਦਾਤ ਹੁੰਦੀ ਹੈ ਤਾਂ ਅਕਸਰ ਹੀ ਵਿਦੇਸ਼ਾਂ ਦੀ ਮਿਸਾਲ ਦਿੱਤੀ ਜਾਂਦੀ ਹੈ ਕਿ ਉੱਥੇ ਅਜਿਹਾ ਕਦੇ ਨਹੀਂ ਹੁੰਦਾ। ਉਂਝ ਅਸਲੀਅਤ ਇਹ ਹੈ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਹਰ ਥਾਂ ਮੌਜੂਦ ਹਨ। ਇਸ ਤੋਂ ਇਲਾਵਾ ਠੱਗੀਆਂ ਮਾਰਨ ਵਾਲੇ ਵੀ ਦੁਨੀਆ ਦੇ ਹਰ ਕੋਨੇ ਵਿੱਚ ਮਿਲ ਜਾਣਗੇ।
ਅੱਜ ਤੁਹਾਨੂੰ ਅਸੀਂ ਕੈਨੇਡਾ ਵਿੱਚ ਵਾਪਰੀ ਇੱਕ ਹੈਰਾਨ ਕਰਨ ਵਾਲੀ ਘਟਨਾ ਬਾਰੇ ਦੱਸ ਰਹੇ ਹਨ। ਇੱਥੇ ਇੱਕ ਜੋੜਾ ਕਿਸੇ ਦਾ ਘਰ ਵੇਚ ਕੇ ਹੀ ਫਰਾਰ ਹੋ ਗਿਆ ਹੈ। ਇਸ ਘਟਨਾ ਦੀ ਪੂਰੇ ਦੇਸ਼ ਅੰਦਰ ਕਾਫੀ ਚਰਚਾ ਹੈ। ਲੋਕ ਪ੍ਰੇਸ਼ਾਨ ਹਨ ਕਿ ਇਸ ਤਰ੍ਹਾਂ ਤਾਂ ਉਨ੍ਹਾਂ ਨਾਲ ਵੀ ਵਾਪਰ ਸਕਦਾ ਹੈ।
ਦਰਅਸਲ ਕੈਨੇਡਾ ਵਿੱਚ ਇੱਕ ਜੋੜਾ ਨਕਲੀ ਮਾਲਕ ਬਣ ਕੇ ਅਸਲੀ ਮਾਲਕਾਂ ਦਾ ਘਰ ਵੇਚ ਕੇ ਫਰਾਰ ਹੋ ਗਿਆ। ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ। ਦੇਸ਼ ਵਿੱਚ ਵਾਪਰੇ ਆਪਣੀ ਤਰ੍ਹਾਂ ਦੇ ਇਸ ਅਨੋਖੇ ਮਾਮਲੇ ਨੇ ਘਰਾਂ ਦੇ ਮਾਲਕਾਂ ਨੂੰ ਸੋਚਣ ਲਾ ਦਿੱਤਾ ਹੈ। ਪੁਲਿਸ ਮਾਮਲੇ ਦੀਆਂ ਪਰਤਾਂ ਖੋਲ੍ਹਣ ਦੇ ਯਤਨ ਕਰ ਰਹੀ ਹੈ। ਉਧਰ, ਕੈਨੇਡਾ ਸਰਕਾਰ ਨੇ ਸੂਬਾਈ ਰੀਅਲ ਅਸਟੇਟ ਬੋਰਡਾਂ ਨਾਲ ਅਜਿਹੇ ਫਰਾਡ ਰੋਕਣ ਲਈ ਮਸ਼ਵਰੇ ਕਰਨੇ ਸ਼ੁਰੂ ਕਰ ਦਿੱਤੇ ਹਨ।
ਹਾਸਲ ਵੇਰਵਿਆਂ ਅਨੁਸਾਰ ਓਂਟਾਰੀਓ ਦੇ ਸ਼ਹਿਰ ਈਟੋਬੀਕੋ ਵਿੱਚ ਪਿਛਲੇ ਸਾਲ ਕਿਸੇ ਜੋੜੇ ਨੇ ਘਰ ਖ਼ਰੀਦਿਆ ਸੀ ਤੇ ਕੁਝ ਮਹੀਨੇ ਬਾਅਦ ਉਹ ਵਪਾਰਕ ਦੌਰੇ ’ਤੇ ਵਿਦੇਸ਼ ਚਲੇ ਗਏ। ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਕੋਈ ਹੋਰ ਜੋੜੇ ਨੇ ਉਸ ਘਰ ਦੇ ਤਾਲੇ ਤੋੜੇ ਤੇ ਉੱਥੇ ਰਹਿਣ ਲੱਗ ਪਿਆ। ਇਸ ਦੌਰਾਨ ਉਨ੍ਹਾਂ ਨੇ ਅਸਲੀ ਮਾਲਕਾਂ ਵਾਲੇ ਨਾਵਾਂ ਵਾਲੇ ਪਛਾਣ ਕਾਰਡ ਬਣਵਾਏ ਤੇ ਮਾਲਕ ਵਜੋਂ ਉਹੀ ਘਰ ਵੇਚਣ ਲਾ ਦਿੱਤਾ।
ਖ਼ਰੀਦਣ ਵਾਲੇ ਦੇ ਅਧਿਕਾਰਤ ਡੀਲਰ ਨੇ ਬਿਨ੍ਹਾਂ ਬਹੁਤੀ ਪੁੱਛ-ਪੜਤਾਲ ਦੇ ਉਹ ਘਰ ਕਿਸੇ ਨੂੰ ਦਿਵਾ ਦਿੱਤਾ। ਅਸਲ ਮਾਲਕ ਵਾਪਸ ਆਏ ਤਾਂ ਕਿਸੇ ਹੋਰ ਨੂੰ ਘਰ ਵਿਚ ਦੇਖ ਕੇ ਹੈਰਾਨ ਹੋਏ ਤੇ ਪੁਲੀਸ ਨੂੰ ਸੂਚਿਤ ਕੀਤਾ। ਪੁਲਿਸ ਦੀ ਪੁੱਛ-ਪੜਤਾਲ ਵਿੱਚ ਠੱਗੀ ਦੇ ਮਾਮਲੇ ਦਾ ਭੇਤ ਖੁੱਲ੍ਹਿਆ।