ਟੋਰੰਟੋ: ਇਸਲਾਮ ਧਰਮ ਤਿਆਗ ਕੇ ਆਸਟ੍ਰੇਲੀਆ ਜਾਣ ਦੀ ਚਾਹਵਾਨ ਰਹਾਫ਼ ਮੁਹੰਮਦ ਕੁਨਨ ਨੂੰ ਹੁਣ ਵਾਪਿਸ ਉਸ ਦੇ ਮਾਪਿਆਂ ਕੋਲ ਸਾਊਦੀ ਅਰਬ ਨਹੀਂ ਭੇਜਿਆ ਜਾਵੇਗਾ, ਕਿਉਂਕਿ ਕੈਨੇਡਾ ਨੇ ਉਸ ਦੀ ਬਾਂਹ ਫੜ ਲਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰਹਾਫ਼ ਨੂੰ ਸ਼ਰਨਾਰਥੀ ਵਜੋਂ ਪਨਾਹ ਦੇਣ ਦਾ ਐਲਾਨ ਕੀਤਾ ਸੀ, ਜਿਸ ਮਗਰੋਂ ਹੁਣ ਉਹ ਬੈਂਕਾਕ ਤੋਂ ਕੈਨੇਡਾ ਲਈ ਚੱਲ ਵੀ ਪਈ ਹੈ। ਸਾਊਦੀ ਅਰਬ ਛੱਡਣ ਦੇ ਹਫ਼ਤੇ ਮਗਰੋਂ ਉਹ ਤੀਜੇ ਦੇਸ਼ ਜਾ ਰਹੀ ਹੈ।


ਕਾਫੀ ਮੁਸ਼ੱਕਤ ਤੋਂ ਬਾਅਦ ਉਸ ਨੇ ਆਪਣੀ ਗਰਦਨ 'ਤੇ ਸਾਊਦੀ ਅਰਬ ਜ਼ਬਰੀ ਵਾਪਸ ਭੇਜੇ ਜਾਣ ਰੂਪੀ ਤਲਵਾਰ ਨੂੰ ਹਟਾਉਣ ਵਿੱਚ ਸਫਲਤਾ ਹਾਸਲ ਕਰ ਲਈ ਹੈ। ਦਰਅਸਲ, ਯੂਨਾਈਟਿਡ ਨੇਸ਼ਨਜ਼ ਨੇ ਉਸ ਨੂੰ ਸ਼ਰਨਾਰਥੀ ਦਾ ਦਰਜਾ ਦੇ ਦਿੱਤਾ ਸੀ ਤੇ ਆਪਣੇ ਮੈਂਬਰ ਦੇਸ਼ਾਂ ਨੂੰ ਉਸ ਨੂੰ ਪਨਾਹ ਦੇਣ ਦੀ ਅਪੀਲ ਕੀਤੀ ਸੀ। ਕੈਨੇਡਾ ਨੇ ਯੂਐਨ ਦੀ ਅਪੀਲ ਮੰਨਦਿਆਂ ਰਹਾਫ਼ ਨੂੰ ਆਪਣੇ ਦੇਸ਼ ਵਿੱਚ ਰਹਿਣ ਲਈ ਸੱਦਾ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ: ਧਰਮ ਤਿਆਗ ਕੇ ਆਸਟ੍ਰੇਲੀਆ ਜਾਣ ਵਾਲੀ ਮੁਟਿਆਰ ਬੈਂਕਾਕ ਹਵਾਈ ਅੱਡੇ ਤੋਂ ਕਾਬੂ, ਮੰਗੀ UN ਤੋਂ ਮਦਦ


ਬੈਂਕਾਕ ਛੱਡਣ ਸਮੇਂ ਰਹਾਫ਼ ਕਾਫੀ ਖ਼ੁਸ਼ ਸੀ ਤੇ ਉਸ ਨੇ ਲਗਾਤਾਰ ਟਵੀਟ ਕਰਕੇ ਆਪਣੇ ਨਾਲ ਵਾਪਰ ਰਹੀਆਂ ਘਟਨਾਵਾਂ ਦੀ ਹਰ ਸੂਚਨਾ ਪੂਰੀ ਦੁਨੀਆ ਨਾਲ ਸਾਂਝੀ ਵੀ ਕੀਤੀ। ਰਹਾਫ਼ ਪਿਛਲੇ ਹਫ਼ਤੇ ਸਾਊਦੀ ਅਰਬ ਤੋਂ ਫਰਾਰ ਹੋ ਕੇ ਥਾਈਲੈਂਡ ਆ ਗਈ ਸੀ। ਪਰ ਉਸ ਨੂੰ ਬੈਂਕਾਕ ਦੇ ਹਵਾਈ ਅੱਡੇ 'ਤੇ ਕਾਬੂ ਕਰ ਲਿਆ ਸੀ ਤੇ ਵਾਪਸ ਸਾਊਦੀ ਜਾਣ ਲਈ ਕਿਹਾ ਸੀ।


ਸਬੰਧਤ ਖ਼ਬਰ: ਇਸਲਾਮ ਛੱਡ ਬੈਂਕਾਕ ਭੱਜੀ ਮੁਟਿਆਰ ਲਈ ਸੰਯੁਕਤ ਰਾਸ਼ਟਰ ਦਾ ਵੱਡਾ ਫੈਸਲਾ

ਰਹਾਫ਼ ਨੇ ਇਨਕਾਰ ਕੀਤਾ ਤੇ ਖ਼ੁਦ ਨੂੰ ਹੋਟਲ ਦੇ ਕਮਰੇ ਵਿੱਚ ਬੰਦ ਕਰ ਲਿਆ ਅਤੇ ਆਨਲਾਈਨ ਪ੍ਰੋਟੈਸਟ ਕੀਤਾ, ਜਿਸ ਵਿੱਚ ਵੱਡੀ ਗਿਣਤੀ 'ਚ ਲੋਕਾਂ ਨੇ ਸਾਥ ਦਿੱਤਾ। ਪਹਿਲਾਂ ਲੋਕਾਂ ਨੇ ਸੋਸ਼ਲ ਮੀਡੀਆ 'ਤੇ #SaveRahaf ਹੈਸ਼ਟੈਗ ਮੁਹਿੰਮ ਚਲਾਈ ਸੀ, ਪਰ ਹੁਣ #RahafSaved ਹੈਸ਼ਟੈਗ ਤਹਿਤ ਸੋਸ਼ਲ ਮੀਡੀਆ 'ਤੇ ਖੁਸ਼ੀ ਪ੍ਰਗਟਾਈ ਜਾ ਰਹੀ ਹੈ। ਰਹਾਫ਼ ਮੁਹੰਮਦ ਅੱਜ ਰਾਤ ਕੈਨੇਡਾ ਦੀ ਧਰਤੀ 'ਤੇ ਪਹੁੰਚ ਜਾਵੇਗੀ।