ਨਵੀਂ ਦਿੱਲੀ: ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਬੁੱਧਵਾਰ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਕੋਰੋਨਾ ਵੈਕਸੀਨ ਦੇ ਸਪਲਾਈ ਦੇ ਮੁੱਦੇ 'ਤੇ ਗੱਲ ਕੀਤੀ। ਪੀਐਮ ਮੋਦੀ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ।
ਪੀਐਮ ਮੋਦੀ ਨੇ ਟਵੀਟ ਕਰਕੇ ਕਿਹਾ, 'ਮੇਰੇ ਮਿੱਤਰ ਜਸਟਿਨ ਟਰੂਡੋ ਦਾ ਫੋਨ ਆਇਆ ਇਸ ਨਾਲ ਖੁਸ਼ੀ ਹੋਈ। ਮੈਂ ਭਰੋਸਾ ਦਿਵਾਇਆ ਕਿ ਭਾਰਤ ਕੈਨੇਡਾ ਵੱਲੋਂ ਮੰਗੇ ਟੀਕਿਆਂ ਦੀ ਪੂਰਤੀ ਸੁਵਿਧਾਜਨਕ ਕਰਨ ਦੀ ਕੋਸ਼ਿਸ਼ ਕਰੇਗਾ। ਅਸੀਂ ਜਲਵਾਯਬ ਪਰਿਵਰਤਨ ਤੇ ਕੌਮਾਂਤਰੀ ਆਰਥਿਕ ਸੁਧਾਰ ਜਿਹੇ ਹੋਰ ਮਹੱਤਵਪੂਰਨ ਮੁੱਦਿਆਂ 'ਤੇ ਸਹਿਯੋਗ ਜਾਰੀ ਰੱਖਣ 'ਤੇ ਵੀ ਸਹਿਮਤ ਹੋਏ।
ਦੱਸ ਦੇਈਏ ਭਾਰਤ ਕਈ ਮਿੱਤਰ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਸਪਲਾਈ ਕਰ ਰਿਹਾ ਹੈ। ਜਸਟਿਨ ਟਰੂਡੋ ਨੇ ਵੀ ਵੈਕਸੀਨ ਡੋਜ਼ ਅਪੀਲ ਕੀਤੀ ਹੈ।
ਕਨੇਡਾ ਦੇ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਭਾਰਤ 'ਚ ਚੱਲ ਰਹੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਸੀ। ਜਸਟਿਨ ਟਰੂਡੋ ਨੇ ਕਿਹਾ ਸੀ, ਕਨੇਡਾ ਦੁਨੀਆਂ 'ਚ ਕਿਤੇ ਵੀ ਕਿਸਾਨਾਂ ਨੂੰ ਸ਼ਾਂਤੀਪੂਰਵਕ ਪ੍ਰਦਰਸ਼ਨ ਦੇ ਅਧਿਕਾਰਾਂ ਦੀ ਰੱਖਿਆ ਲਈ ਖੜਾ ਰਹੇਗਾ।
ਭਾਰਤ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਸੀ। ਭਾਰਤ ਨੇ ਕਿਹਾ ਸੀ, ਕਿਸਾਨਾਂ ਦੇ ਅੰਦੋਲਨ ਸਬੰਧੀ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉੱਥੋਂ ਦੇ ਕੁਝ ਹੋਰ ਲੀਡਰਾਂ ਦੀ ਟਿੱਪਣੀ ਦੇਸ਼ ਦੇ ਅੰਦਰੂਨੀ ਮਾਮਲਿਆਂ 'ਚ ਨਾ ਸਹਿਣਯੋਗ ਦਖਲ ਅੰਦਾਜ਼ੀ ਦੇ ਬਰਾਬਰ ਹੈ।