Canada : ਭਾਰਤ ਨਾਲ ਸਬੰਧਾਂ ਵਿੱਚ ਆਈ ਖਟਾਸ ਦਰਮਿਆਨ ਕੈਨੇਡਾ ਦੀ ਸਰਕਾਰ ਨੇ ਵੀਰਵਾਰ ਨੂੰ ਦੀਵਾਲੀ ਦੇ ਮੌਕੇ 'ਤੇ ਨਵੀਂ ਡਾਕ ਟਿਕਟ ਜਾਰੀ ਕੀਤੀ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ। ਕੈਨੇਡਾ ਸਰਕਾਰ ਪਿਛਲੇ ਪੰਜ ਸਾਲਾਂ ਤੋਂ ਦੀਵਾਲੀ ਦੇ ਮੌਕੇ 'ਤੇ ਡਾਕ ਟਿਕਟਾਂ ਜਾਰੀ ਕਰਦੀ ਆ ਰਹੀ ਹੈ। ਕੈਨੇਡਾ 'ਚ ਪਹਿਲੀ ਵਾਰ 2017 'ਚ ਦੀਵਾਲੀ ਦੇ ਮੌਕੇ 'ਤੇ ਡਾਕ ਟਿਕਟ ਜਾਰੀ ਕੀਤੀ ਗਈ ਸੀ।


ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਹਿੰਦੂ, ਬੋਧੀ, ਜੈਨ ਅਤੇ ਸਿੱਖ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਰਹਿੰਦੇ ਹਨ, ਜੋ ਦੀਵਾਲੀ ਮਨਾਉਂਦੇ ਹਨ। ਇਹ ਡਾਕ ਟਿਕਟ ਕੈਨੇਡੀਅਨ ਡਾਕ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ। ਇਸ ਨੂੰ ਕ੍ਰਿਸਟੀਨ ਡੋ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ ਤੇ ਇਸ 'ਤੇ ਪੇਂਟਿੰਗ ਰੇਨਾ ਚੇਨ ਨੇ ਕੀਤੀ ਹੈ। ਇਸ ਡਾਕ ਟਿਕਟ ਵਿੱਚ ਪੀਲੇ ਅਤੇ ਸੰਤਰੀ ਰੰਗ ਦੀ ਵਰਤੋਂ ਕੀਤੀ ਗਈ ਹੈ। ਗੇਂਦੇ ਦੇ ਫੁੱਲ ਅਤੇ ਹਰੇ ਅੰਬ ਦੇ ਪੱਤਿਆਂ ਨੂੰ ਵੀ ਦਰਸਾਇਆ ਗਿਆ ਹੈ।


ਜਸਟਿਨ ਟਰੂਡੋ ਨੇ ਵੀ ਮਨਾਈ ਦੀਵਾਲੀ 


ਕੈਨੇਡਾ ਸਰਕਾਰ ਦੁਆਰਾ ਜਾਰੀ ਕੀਤੀਆਂ ਡਾਕ ਟਿਕਟਾਂ 'ਤੇ ਵੀ ਦੀਵੇ ਨੂੰ ਦਰਸਾਇਆ ਗਿਆ ਹੈ। ਇਹ ਡਾਕ ਟਿਕਟ ਇੱਕ ਵਿਸ਼ੇਸ਼ ਕਿਤਾਬਚੇ ਵਿੱਚ ਜਾਰੀ ਕੀਤੀ ਗਈ ਹੈ, ਜਿਸ ਦੀ ਕੀਮਤ 5.52 ਕੈਨੇਡੀਅਨ ਡਾਲਰ ਜਾਂ ਲਗਭਗ 340 ਰੁਪਏ ਰੱਖੀ ਗਈ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਓਟਾਵਾ ਵਿੱਚ ਪਾਰਲੀਮੈਂਟ ਹਿੱਲ ਵਿਖੇ ਦੀਵਾਲੀ ਮਨਾਉਣ ਲਈ ਦੇਸ਼ ਵਿੱਚ ਭਾਰਤੀ ਭਾਈਚਾਰੇ ਵਿੱਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਇਹ ਤਿਉਹਾਰ ਰੋਸ਼ਨੀ ਦਾ ਪ੍ਰਤੀਕ ਹੈ, ਜਿਸ ਦੀ ਸਾਨੂੰ ਜ਼ਿਆਦਾ ਲੋੜ ਹੈ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਵਿੱਚ ਕੈਨੇਡਾ ਦੇ ਵਿਰੋਧੀ ਧਿਰ ਦੇ ਨੇਤਾ ਪੀਅਰੇ ਪੋਇਲੀਵਰ ਅਤੇ ਕੈਨੇਡਾ ਵਿੱਚ ਭਾਰਤੀ ਰਾਜਦੂਤ ਸੰਜੇ ਕੁਮਾਰ ਵਰਮਾ ਆਦਿ ਨੇ ਸ਼ਿਰਕਤ ਕੀਤੀ।


ਕੈਨੇਡਾ ਤੇ ਭਾਰਤ ਦੇ ਰਿਸ਼ਤਿਆਂ 'ਚ ਆਈ ਖਟਾਸ 


ਦੱਸ ਦਈਏ ਕਿ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੇ ਕਤਲ ਕਾਰਨ ਕੈਨੇਡਾ ਅਤੇ ਭਾਰਤ ਦੇ ਸਬੰਧਾਂ 'ਚ ਖਟਾਸ ਆ ਗਈ ਹੈ। ਟਰੂਡੋ ਨੇ ਸ਼ੱਕ ਪ੍ਰਗਟਾਇਆ ਸੀ ਕਿ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟ ਸ਼ਾਮਲ ਹਨ ਜਿਸ ਨੂੰ ਭਾਰਤ ਨੇ ਬੇਬੁਨਿਆਦ ਦੱਸਦਿਆਂ ਰੱਦ ਕਰ ਦਿੱਤਾ ਸੀ।