Canada accuses India: ਕੈਨੇਡਾ ਤੇ ਭਾਰਤ ਵਿਚਾਲੇ ਮੁੜ ਤਣਾਅ ਵਧ ਸਕਦਾ ਹੈ। ਹੁਣ ਫਿਰ ਕੈਨੇਡਾ ਨੇ ਭਾਰਤ ਉੱਪਰ ਗੰਭੀਰ ਇਲਜ਼ਾਮ ਲਾਏ ਹਨ। ਕੈਨੇਡਾ ਦੀ ਸੁਰੱਖਿਆ ਖੁਫੀਆ ਏਜੰਸੀ ਨੇ ਇੱਕ ਰਿਪੋਰਟ 'ਚ ਭਾਰਤ 'ਤੇ ਦੇਸ਼ ਦੀਆਂ ਚੋਣਾਂ 'ਚ ਦਖਲ ਦੇਣ ਦਾ ਦੋਸ਼ ਲਾਇਆ ਹੈ। ਇਸ ਤੋਂ ਪਹਿਲਾਂ ਕੈਨੇਡਾ ਨੇ ਆਪਣੇ ਸਿੱਖ ਨਾਗਰਿਕ ਹਰਦੀਪ ਸਿੰਘ ਨਿੱਝਰ ਦਾ ਕਤਲ ਕਰਾਉਣ ਦਾ ਇਲਜ਼ਾਮ ਭਾਰਤੀ ਏਜੰਸੀਆਂ ਉੱਪਰ ਲਾਇਆ ਸੀ। ਇਸ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧ ਗਿਆ ਸੀ।
ਕੈਨੇਡਾ ਦੀ ਖੁਫੀਆ ਏਜੰਸੀ ਨੇ ਆਪਣੀ ਰਿਪੋਰਟ ਵਿੱਚ ਭਾਰਤ ਨੂੰ "ਵਿਦੇਸ਼ੀ ਦਖਲਅੰਦਾਜ਼ੀ ਦਾ ਖ਼ਤਰਾ" ਦੱਸਿਆ ਤੇ ਕਿਹਾ ਹੈ ਕਿ ਸਰਕਾਰ ਨੂੰ "ਕੈਨੇਡਾ ਦੀਆਂ ਮਜ਼ਬੂਤ ਲੋਕਤੰਤਰੀ ਸੰਸਥਾਵਾਂ ਤੇ ਪ੍ਰਕਿਰਿਆਵਾਂ ਦੀ ਰੱਖਿਆ ਲਈ ਹੋਰ ਕੁਝ ਕਰਨਾ ਚਾਹੀਦਾ ਹੈ।" ਕੈਨੇਡੀਅਨ ਮੀਡੀਆ ਗਲੋਬਲ ਨਿਊਜ਼ ਨੇ ਆਪਣੀ ਬ੍ਰੀਫਿੰਗ ਰਿਪੋਰਟ 'ਚ ਕਿਹਾ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਕੈਨੇਡਾ ਨੇ ਭਾਰਤ 'ਤੇ ਚੋਣਾਂ 'ਚ ਦਖਲ ਦੇਣ ਦਾ ਦੋਸ਼ ਲਾਇਆ ਹੈ। ਚੀਨ ਤੇ ਰੂਸ 'ਤੇ ਪਹਿਲਾਂ ਹੀ ਕੈਨੇਡਾ ਦੀ ਰਾਜਨੀਤੀ 'ਚ ਦਖਲ ਦੇਣ ਦੇ ਦੋਸ਼ ਲੱਗ ਰਹੇ ਸਨ।
ਦੱਸ ਦਈਏ ਕਿ 24 ਫਰਵਰੀ, 2023 ਨੂੰ ਏਜੰਸੀ ਨੇ 'ਵਿਦੇਸ਼ੀ ਦਖਲਅੰਦਾਜ਼ੀ 'ਤੇ ਲੋਕਤੰਤਰੀ ਸੰਸਥਾਵਾਂ ਦੇ ਮੰਤਰੀ ਨੂੰ ਬ੍ਰੀਫਿੰਗ' ਸਿਰਲੇਖ ਨਾਲ ਰਿਪੋਰਟ ਪੇਸ਼ ਕੀਤੀ ਸੀ। ਇਸ ਰਿਪੋਰਟ ਵਿੱਚ ਚੀਨ ਦਾ ਨਾਂ ਵੀ ਲਿਆ ਗਿਆ ਹੈ ਤੇ ਉਸ ਨੂੰ "ਹੁਣ ਤੱਕ ਦਾ ਸਭ ਤੋਂ ਮਹੱਤਵਪੂਰਨ ਖ਼ਤਰਾ" ਕਿਹਾ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੀਪਲਜ਼ ਰੀਪਬਲਿਕ ਆਫ ਚਾਈਨਾ ਦੀਆਂ ਐਫਆਈ ਗਤੀਵਿਧੀਆਂ (ਵਿਦੇਸ਼ੀ ਦਖਲਅੰਦਾਜ਼ੀ) ਦਾ ਦਾਇਰਾ ਵਿਸ਼ਾਲ ਹੈ ਤੇ ਖਰਚੇ ਗਏ ਸਰੋਤਾਂ ਦੇ ਪੱਧਰ ਵਿੱਚ ਮਹੱਤਵਪੂਰਨ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚੀਨ ਦੀਆਂ ਗਤੀਵਿਧੀਆਂ ਮਹੱਤਵਪੂਰਨ, ਵਿਆਪਕ ਤੇ ਦੇਸ਼ ਭਰ ਵਿੱਚ ਸਰਕਾਰਾਂ ਤੇ ਨਾਗਰਿਕਾਂ ਦੇ ਸਾਰੇ ਪੱਧਰਾਂ ਦੇ ਵਿਰੁੱਧ ਹਨ।
ਗਲੋਬਲ ਨਿਊਜ਼ ਦੀ ਬ੍ਰੀਫਿੰਗ ਰਿਪੋਰਟ ਮੁਤਾਬਕ ਕੈਨੇਡਾ ਦੀ ਤਾਜ਼ਾ ਖੁਫੀਆ ਰਿਪੋਰਟ 'ਚ ਭਾਰਤ ਤੇ ਚੀਨ ਹੀ ਅਜਿਹੇ ਦੋ ਦੇਸ਼ ਹਨ, ਜਿਨ੍ਹਾਂ ਨੂੰ ਚੋਣਾਂ ਲਈ ਖਤਰਾ ਦੱਸਿਆ ਗਿਆ ਹੈ। ਇਸ ਰਿਪੋਰਟ ਵਿੱਚ ਰੂਸ ਦਾ ਨਾਂ ਸ਼ਾਮਲ ਨਹੀਂ। ਗਲੋਬਲ ਨਿਊਜ਼ ਤੇ ਗਲੋਬ ਐਂਡ ਮੇਲ ਦੁਆਰਾ ਕੈਨੇਡੀਅਨ ਚੋਣਾਂ ਵਿੱਚ ਚੀਨੀ ਦਖਲਅੰਦਾਜ਼ੀ ਵੱਲ ਇਸ਼ਾਰਾ ਕੀਤੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੇ ਜਾਂਚ ਦੇ ਹੁਕਮ ਦਿੱਤੇ ਹਨ।
ਗਲੋਬਲ ਨਿਊਜ਼ ਤੇ ਗਲੋਬ ਰਿਪੋਰਟਿੰਗ ਦਾ ਹਵਾਲਾ ਦਿੰਦੇ ਹੋਏ ਹਾਲ ਹੀ ਵਿੱਚ ਜਾਰੀ ਕੀਤੀ ਗਈ ਇੱਕ ਕੈਨੇਡੀਅਨ ਖੁਫੀਆ ਬ੍ਰੀਫਿੰਗ ਵਿੱਚ ਕਿਹਾ ਗਿਆ ਹੈ ਕਿ "ਕੈਨੇਡਾ ਵਿੱਚ ਪੀਪਲਜ਼ ਰੀਪਬਲਿਕ ਆਫ ਚਾਈਨਾ ਦੇ FI ਯਤਨਾਂ ਖਾਸ ਕਰਕੇ ਚੋਣਾਂ ਦੇ ਸਬੰਧ 'ਤੇ ਧਿਆਨ ਕੇਂਦਰਤ ਕੀਤਾ ਗਿਆ ਹੈ।" ਰਿਪੋਰਟ ਦੇ ਤਕਰੀਬਨ ਤਿੰਨ ਪੰਨਿਆਂ ਵਿੱਚ ਭਾਰਤ ਨਾਲ ਸਬੰਧਤ ਮੁੱਦਿਆਂ ਨੂੰ ਲਿਖਿਆ ਗਿਆ ਹੈ।