ਮਹਿਤਾਬ-ਉਦ-ਦੀਨ


ਚੰਡੀਗੜ੍ਹ/ਔਟਵਾ: ਕੈਨੇਡਾ ਦੇ ਕੁਝ ਇਮੀਗ੍ਰੇਸ਼ਨ ਪ੍ਰੋਗਰਾਮਾਂ ਲਈ ਕਾਗਜ਼ੀ ਅਰਜ਼ੀ ਦੇਣ ਦੀ ਪ੍ਰਕਿਰਿਆ ਹੁਣ ਬਿਲਕੁਲ ਖ਼ਤਮ ਕਰ ਦਿੱਤੀ ਗਈ ਹੈ। ਹੁਣ ਉਨ੍ਹਾਂ ਲਈ ਇੱਕ ‘ਆਨਲਾਈਨ ਐਪਲੀਕੇਸ਼ਨ’ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ‘ਇਮੀਗ੍ਰੇਸ਼ਨ, ਰਿਫ਼ਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ’ (IRCC) ਨੇ ਇਸੇ ਮਹੀਨੇ ਤੋਂ ਇੱਕ ‘ਆਨਲਾਈਨ ਪਰਮਾਨੈਂਟ ਰੈਜ਼ੀਡੈਂਸ ਐਪਲੀਕੇਸ਼ਨ ਪੋਰਟਲ’ ਦਾ ਸ਼ੁਰੂਆਤ ਕੀਤੀ ਹੈ।


ਦੇਸ਼ ਦੇ ਇਮੀਗ੍ਰੇਸ਼ਨ ਵਿਭਾਗ ਨੇ ਇਨ੍ਹਾਂ ਸੱਤ ਪ੍ਰੋਗਰਾਮਾਂ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ ਨੂੰ ਡਿਜੀਟਾਈਜ਼ ਕਰ ਦਿੱਤਾ ਹੈ:


1.    ਨੌਨ ਐਕਸਪ੍ਰੈੱਸ ਐਂਟ੍ਰੀ (ਪ੍ਰੋਵਿੰਸੀਅਲ ਨੌਮਿਨੀ ਪ੍ਰੋਗਰਾਮ) (PNP)


2.   ਰੂਰਲ ਐਂਡ ਨੌਰਦਰਨ ਇਮੀਗ੍ਰੇਸ਼ਨ ਪਾਇਲਟ


3.   ਐਗ੍ਰੀ ਫ਼ੂਡ ਪਾਇਲਟ


4.   ਐਟਲਾਂਟਿਕ ਇਮੀਗ੍ਰੇਸ਼ਨ ਪਾਇਲਟ


5.   ਕਿਊਬੇਕ ਸਿਲੈਕਟਡ ਇਨਵੈਸਟਰ ਪ੍ਰੋਗਰਾਮ


6.   ਕਿਊਬੇਕ ਐਂਟ੍ਰੀਪ੍ਰਿਨਿਯੋਰ ਪ੍ਰੋਗਰਾਮ


7.   ਕਿਊਬੇਕ ਸੈਲਫ਼ ਇੰਪਲਾਇਡ ਪਰਸਨਜ਼ ਪ੍ਰੋਗਰਾਮ


ਉਂਝ ਹਾਲੇ ਅਜਿਹੀ ਵੀ ਸੰਭਾਵਨਾ ਹੈ ਕਿ ਕੁਝ ਸਮੇਂ ਤੱਕ ਇਨ੍ਹਾਂ ਪ੍ਰੋਗਰਾਮਾਂ ਲਈ ਕਾਗਜ਼ੀ ਅਰਜ਼ੀਆਂ ਵੀ ਪ੍ਰਾਪਤ ਕੀਤੀਆਂ ਜਾਣਗੀਆਂ। ‘ਸੀਆਈਸੀ ਨਿਊਜ਼’ ਵੱਲੋਂ ਪ੍ਰਕਾਸ਼ਿਤ ਸ਼ੈਲਬੀ ਥੇਵਨੌਟ ਦੀ ਰਿਪੋਰਟ ਅਨੁਸਾਰ ਇਹ ਸਪੱਸ਼ਟ ਹੈ ਕਿ IRCC ਅਜਿਹੇ ਕੁਝ ਚੋਣਵੇਂ ਇਮੀਗ੍ਰੇਸ਼ਨ ਪ੍ਰੋਗਰਾਮਾਂ ਦੀਆਂ ਅਰਜ਼ੀਆਂ ਸਿਰਫ਼ ਇਨ੍ਹਾਂ ਪੋਰਟਲ ਰਾਹੀਂ ਲਿਆ ਕਰੇਗਾ, ਜਿਨ੍ਹਾਂ ਲਈ ਅਰਜ਼ੀਆਂ ਕੁਝ ਘੱਟ ਗਿਣਤੀ ’ਚ ਆਉਂਦੀਆਂ ਰਹੀਆਂ ਹਨ।


ਇਮੀਗ੍ਰੇਸ਼ਨ ਵਿਭਾਗ ਵੱਲੋਂ ਇਸ ਪੋਰਟਲ ’ਚ ਹੁਣ ਲੋੜ ਮੁਤਾਬਕ ਕੁਝ ਸੁਧਾਰ ਵੀ ਕੀਤੇ ਜਾ ਰਹੇ ਹਨ। ਦਰਅਸਲ, ਅਜਿਹਾ ਕੋਵਿਡ-19 ਨਾਲ ਸਬੰਧਤ ਖ਼ਤਰਿਆਂ ਨੂੰ ਵੇਖਦਿਆਂ ਵੀ ਇਮੀਗ੍ਰੇਸ਼ਨ ਪ੍ਰੋਗਰਾਮਾਂ ਨੂੰ ਆੱਨਲਾਈਨ ਕੀਤਾ ਜਾ ਰਿਹਾ ਹੈ। ਕੋਰੋਨਾ ਵਾਇਰਸ ਦੀ ਲਾਗ ਤੇਜ਼ੀ ਨਾਲ ਫੈਲਣ ਕਰ ਕੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ ਹਨ ਅਤੇ ਡਾਕ ਦੀ ਆਮਦੋ-ਰਫ਼ਤ ਕੁਝ ਦੇਰੀ ਨਾਲ ਹੋ ਰਹੀ ਹੈ।


ਇਸੇ ਲਈ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਸਿਨੋ ਨੇ ਪਹਿਲਾਂ ਆਖਿਆ ਸੀ ਕਿ ਉਹ ਮਹਾਮਾਰੀ ਦੇ ਚੱਲਦਿਆਂ ਇਮੀਗ੍ਰੇਸ਼ਨ ਪ੍ਰਣਾਲੀ ਦੀਆਂ ਸਾਰੀਆਂ ਪ੍ਰਕਿਰਿਆਵਾਂ ਨੂੰ ਵਰਚੁਅਲ (ਹਕੀਕੀ) ਤੇ ਕੌਂਟੈਕਟਲੈੱਸ (ਛੋਹ ਮੁਕਤ) ਬਣਾਉਣ ਜਾ ਰਹੇ ਹਨ।


ਮਾਰਚ 2020 ਤੋਂ ਹੀ ਕੈਨੇਡਾ ਨੇ ਸਿਟੀਜ਼ਨਸ਼ਿਪ (ਨਾਗਰਿਕਤਾ) ਹਾਸਲ ਕਰਨ ਦੇ ਟੈਸਟ ਵੀ ਆੱਨਲਾਈਨ ਕਰ ਦਿੱਤੇ ਸਨ। ਨਾਗਰਿਕਤਾ ਦੀ ਸਹੁੰ ਚੁਕਾਉਣ ਦੀਆਂ ਰਸਮਾਂ ਵੀ ਹੁਣ ਆੱਨਲਾਈਨ ਹੋ ਰਹੀਆਂ ਹਨ।