ਮਹਿਤਾਬ-ਉਦ-ਦੀਨ


ਚੰਡੀਗੜ੍ਹ: ਕੈਨੇਡੀਅਨ ਸੂਬੇ ਸਸਕੈਚੇਵਾਨ ਦੇ ਪ੍ਰੀਮੀਅਰ (ਮੁੱਖ ਮੰਤਰੀ) ਸਕੌਟ ਮੋਅ ਨੇ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ ਹੈ। ਦੱਸ ਦੇਈਏ ਕਿ ਇਨ੍ਹਾਂ ਹੀ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਰਤ ਦੀ ਰਾਜਧਾਨੀ ਦਿੱਲੀ ਦੀਆਂ ਬਰੂਹਾਂ ’ਤੇ ਨਵੰਬਰ 2020 ਤੋਂ ਕਿਸਾਨ ਅੰਦੋਲਨ ਕਰ ਰਹੇ ਹਨ। ਕੈਨੇਡਾ ’ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਵੀ ਕਿਸਾਨਾਂ ਦੇ ਹੱਕ ’ਚ ‘ਹਾਅ ਦਾ ਨਾਅਰਾ’ ਮਾਰ ਚੁੱਕੀ ਹੈ ਪਰ ਹੁਣ ਸਸਕੈਚੇਵਾਨ ਦੇ ਪ੍ਰੀਮੀਅਰ ਵੱਲੋਂ ਉਨ੍ਹਾਂ ਹੀ ਖੇਤੀ ਕਾਨੂੰਨਾਂ ਨੂੰ ਹਮਾਇਤ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।


ਸਸਕੈਚੇਵਾਨ ਦੇ ਪ੍ਰੀਮੀਅਰ ਸਕੌਟ ਮੋਅ ਨੇ ਕਿਹਾ ਕਿ ਵਿਕਾਸ ਕੇਵਲ ਤਬਦੀਲੀ ਨਾਲ ਹੀ ਹੁੰਦਾ ਹੈ ਤੇ ਤਬਦੀਲੀ ਹਰ ਵਾਰ ਸੁਖਾਲੀ ਨਹੀਂ ਹੁੰਦੀ। ਵਿਕਾਸ ਨਾਲ ਹੀ ਅੱਗੇ ਵੱਡੇ ਮੌਕੇ ਮੁਹੱਈਆ ਹੁੰਦੇ ਹਨ। ਉਨ੍ਹਾਂ ਇਹ ਪ੍ਰਗਟਾਵਾ ‘ਇੰਡੋ-ਕੈਨੇਡਾ ਚੈਂਬਰ ਆਫ਼ ਕਾਮਰਸ’ (ICCC) ਵੱਲੋਂ ਕਰਵਾਏ ਵੈੱਬੀਨਾਰ ਦੌਰਾਨ ਕੀਤਾ। ਸਕੌਟ ਮੋਅ ਕੈਨੇਡਾ ਦੇ ਸੀਨੀਅਰ ਸਿਆਸੀ ਆਗੂ ਹਨ ਤੇ ਉਨ੍ਹਾਂ ਭਾਰਤੀ ਸੁਧਾਰਾਂ ਦੀ ਖੁੱਲ੍ਹ ਕੇ ਹਮਾਇਤ ਕੀਤੀ।


ਗ਼ੌਰਤਲਬ ਹੈ ਕਿ ਭਾਰਤੀ ਕਿਸਾਨ ਅੰਦੋਲਨ ਦੇ ਮੁੱਦੇ ’ਤੇ ਕੈਨੇਡਾ ’ਚ ਵੱਸਦੇ ਭਾਰਤੀ ਮੂਲ ਦੇ ਪ੍ਰਵਾਸੀ ਵੀ ਆਪਸ ’ਚ ਵੰਡੇ ਗਏ ਹਨ। ਕੁਝ ਲੋਕ ਭਾਰਤ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਹੱਕ ’ਚ ਬੋਲ ਰਹੇ ਹਨ ਤੇ ਕੁਝ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ। ‘ਹਿੰਦੁਸਤਾਨ ਟਾਈਮਜ਼’ ਵੱਲੋਂ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਇਨ੍ਹਾਂ ਨਵੇਂ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਲੈ ਕੇ ਕੈਨੇਡਾ, ਆਸਟ੍ਰੇਲੀਆ ਤੇ ਕੁਝ ਹੋਰ ਦੇਸ਼ਾਂ ਵਿੱਚ ਪ੍ਰਵਾਸੀ ਭਾਰਤੀਆਂ ਵਿਚਾਲੇ ਹਿੰਸਕ ਝੜਪਾਂ ਤੱਕ ਹੋ ਚੁੱਕੀਆਂ ਹਨ।


ਪ੍ਰੀਮੀਅਰ ਸਕੌਟ ਮੋਅ ਨੇ ਦਲੀਲ ਦਿੱਤੀ ਹੈ ਕਿ ਸਾਲ 2012 ’ਚ ਜਦੋਂ ‘ਕੈਨੇਡੀਅਨ ਕਣਕ ਬੋਰਡ’ ਦਾ ਖ਼ਾਤਮਾ ਕੀਤਾ ਗਿਆ ਸੀ, ਤਦ ਕੈਨੇਡਾ ’ਚ ਵੀ ਅਜਿਹੇ ਹਾਲਾਤ ਪੈਦਾ ਹੋਏ ਸਨ, ਜਿਹੋ ਜਿਹੇ ਹੁਣ ਖੇਤੀ ਸੁਧਾਰਾਂ ਦੇ ਮੁੱਦੇ ਨੂੰ ਲੈ ਕੇ ਭਾਰਤ ਵਿੱਚ ਚੱਲ ਰਹੇ ਹਨ। ਉਹ ਬੋਰਡ ਬਿਲਕੁਲ ਭਾਰਤ ਦੀ ‘ਐਗ੍ਰੀਕਲਚਰਲ ਪ੍ਰੋਡਿਊਸ ਮਾਰਕਿਟਿੰਗ ਕਮੇਟੀ’ (APMC ਏਪੀਐਮਸੀ – ਖੇਤੀ ਉਪਜ ਮੰਡੀਕਰਨ ਕਮੇਟੀ) ਵਰਗਾ ਹੀ ਸੀ।


ਇਹ ਵੀ ਪੜ੍ਹੋIG ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਨਵਾਂ ਧਮਾਕਾ, ਸੁਖਬੀਰ ਬਾਦਲ 'ਤੇ ਖੜ੍ਹੇ ਕੀਤੇ ਵੱਡੇ ਸਵਾਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904