ਟੋਰਾਂਟੋ: ਕੈਨੇਡਾ 'ਚ ਪੈਦਲ ਜਾ ਰਹੇ ਮੁਸਲਮਾਨ ਪਰਿਵਾਰ ਦੇ 5 ਮੈਂਬਰਾਂ ਨੂੰ ਇੱਕ ਵਿਅਕਤੀ ਨੇ ਆਪਣੇ ਟਰੱਕ ਨਾਲ ਦਰੜ ਦਿੱਤਾ। ਇਸ ਘਟਨਾ 'ਚ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ, ਜਦਕਿ ਇੱਕ ਮੈਂਬਰ ਜ਼ਖ਼ਮੀ ਹੈ। ਜ਼ਖ਼ਮੀ ਦਾ ਇਲਾਜ ਚੱਲ ਰਿਹਾ ਹੈ। ਕੈਨੇਡੀਅਨ ਪੁਲਿਸ ਨੇ ਇਸ ਸਬੰਧ 'ਚ ਜਾਣਕਾਰੀ ਦਿੱਤੀ ਹੈ। ਘਟਨਾ ਬਾਰੇ ਖੁਲਾਸਾ ਹੋਇਆ ਹੈ ਕਿ ਟਰੱਕ ਚਾਲਕ ਨੇ ਮੁਸਲਮਾਨ ਹੋਣ ਕਾਰਨ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਸੀ।


ਓਂਟਾਰੀਓ 'ਚ ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ '74 ਸਾਲਾ ਬਜ਼ੁਰਗ ਔਰਤ, 46 ਸਾਲਾ ਮਰਦ, 44 ਸਾਲਾ ਔਰਤ ਤੇ 15 ਸਾਲਾ ਲੜਕੀ ਸ਼ਾਮਲ ਹੈ। ਪੁਲਿਸ ਅਨੁਸਾਰ 9 ਸਾਲਾ ਬੱਚਾ ਗੰਭੀਰ ਹਾਲਤ 'ਚ ਹਸਪਤਾਲ ਵਿੱਚ ਦਾਖਲ ਹੈ।


ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ


ਪੁਲਿਸ ਨੇ ਕਿਹਾ ਹੈ ਕਿ ਪਰਿਵਾਰ ਨੇ ਨਾਮ ਨਾ ਜਾਹਿਰ ਕਰਨ ਦੀ ਬੇਨਤੀ ਕੀਤੀ ਹੈ। ਘਟਨਾ ਮਗਰੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਉਸ ਖ਼ਿਲਾਫ਼ ਚਾਰ ਲੋਕਾਂ ਦੇ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ।


ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੈਥਾਨੀਲ ਵੇਲਟਮੈਨ (20) ਓਂਟਾਰੀਓ ਦਾ ਰਹਿਣ ਵਾਲਾ ਹੈ ਤੇ ਪੀੜਤਾਂ ਨੂੰ ਨਹੀਂ ਜਾਣਦਾ ਸੀ। ਪੁਲਿਸ ਨੇ ਦੱਸਿਆ ਕਿ ਟਰੱਕ ਚਾਲਕ ਨੇ ਇੱਕ ਮੋੜ 'ਤੇ ਪੀੜਤ ਪਰਿਵਾਰ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੂੰ ਨੇੜੇ ਸਥਿਤ ਮਾਲ ਦੇ ਪਾਰਕਿੰਗ ਏਰੀਆ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।


ਪੁਲਿਸ ਦਾ ਬਿਆਨ


ਲੰਡਨ ਦੇ ਪੁਲਿਸ ਮੁਖੀ ਸਟੀਫਨ ਵਿਲੀਅਮਜ਼ ਨੇ ਕਿਹਾ, "ਸਾਡਾ ਮੰਨਣਾ ਹੈ ਕਿ ਪੀੜਤਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਹੈ, ਕਿਉਂਕਿ ਉਹ ਮੁਸਲਮਾਨ ਹਨ। ਜੇ ਕਿਸੇ ਵੀ ਭਾਈਚਾਰੇ ਨੂੰ ਨਫ਼ਰਤ ਦੀ ਭਾਵਨਾ ਨਾਲ ਨਿਸ਼ਾਨਾ ਬਣਾਇਆ ਜਾਂਦਾ ਹੈ ਤਾਂ ਭਾਈਚਾਰੇ ਖ਼ਾਸਕਰ ਮੁਸਲਮਾਨਾਂ ਵਿੱਚ ਡਰ ਤੇ ਦਹਿਸ਼ਤ ਪੈਦਾ ਹੋ ਸਕਦੀ ਹੈ।"


ਇਹ ਵੀ ਪੜ੍ਹੋ: IBPS RRB POClerk Notification2021: ਬੈਂਕ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, 10,000 ਤੋਂ ਵੱਧ ਅਸਾਮੀਆਂ ਲਈ ਖੁੱਲ੍ਹੀ ਭਰਤੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904