ਓਟਾਵਾ: ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਪ੍ਰਵਾਸ ਨਿਯਮਾਂ ਵਿੱਚ ਫੇਰਬਦਲ ਦਾ ਐਲਾਨ ਕੀਤਾ ਹੈ। ਕੈਨੇਡਾ ਜਲਦ ਹੀ ਪੀਜੀਪੀ ਪ੍ਰੋਗਰਾਮ ਮੁੜ ਤੋਂ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਤਹਿਤ ਪਹਿਲਾਂ ਨਾਲੋਂ ਵੱਧ ਗਿਣਤੀ ਵਿੱਚ ਮਾਪਿਆਂ ਨੂੰ ਵਿਸ਼ੇਸ਼ ਵੀਜ਼ੇ ਮਿਲਣਗੇ ਤੇ ਪੱਕੀ ਰਿਹਾਇਸ਼ ਯਾਨੀ ਪੀਆਰ ਵੀ ਮਿਲ ਸਕਦੀ ਹੈ।
ਕੈਨੇਡਾ ਦੇ ਸੰਸਦ ਮੈਂਬਰ ਤੇ ਨਾਗਰਿਕਤਾ ਤੇ ਪ੍ਰਵਾਸ ਬਾਰੇ ਸਥਾਈ ਸੰਸਦੀ ਕਮੇਟੀ ਦੇ ਮੈਂਬਰ ਰਣਦੀਪ ਸਰਾਏ ਨੇ 'ਏਪੀਬੀ ਸਾਂਝਾ' ਨੂੰ ਦੱਸਿਆ ਕਿ ਇਮੀਗ੍ਰੇਸ਼ਨ ਰਿਫ਼ਿਊਜ਼ੀ ਤੇ ਸਿਟੀਜ਼ਨਸ਼ਿਪ ਕੈਨੇਡਾ ਜਨਵਰੀ 'ਚ ਫੈਮਿਲੀ ਕਲਾਸ ਅੰਦਰ ਪੇਰੈਂਟਸ ਤੇ ਗ੍ਰੈਂਡ ਪੇਰੇਂਟਸ ਪ੍ਰੋਗਰਾਮ ਫਿਰ ਤੋਂ ਸ਼ੁਰੂ ਕਰਨ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਕੁੱਲ 20,000 ਅਰਜ਼ੀਆਂ ਲਈਆਂ ਜਾਣਗੀਆਂ।
ਪੇਰੈਂਟਸ ਤੇ ਗ੍ਰੈਂਡ ਪੇਰੇਂਟਸ ਪ੍ਰੋਗਰਾਮ ਨੂੰ ਪੀਜੀਪੀ ਵੀ ਕਿਹਾ ਜਾਂਦਾ। ਪਿਛਲੇ 18 ਸਾਲ ਤੋਂ ਕੈਨੇਡਾ ਦੇ ਵਸਨੀਕ ਇਸ ਪ੍ਰੋਗਰਾਮ ਤਹਿਤ ਆਪਣੇ ਮਾਪਿਆਂ, ਦਾਦਾ-ਦਾਦੀ ਤੇ ਨਾਨਾ-ਨਾਨੀ ਨੂੰ ਸਪੌਂਸਰ ਕਰਕੇ ਪੱਕੇ ਤੌਰ 'ਤੇ ਕੈਨੇਡਾ ਬੁਲਾ ਸਕਦੇ ਹਨ। ਇਹ ਐਪਲੀਕੇਸ਼ਨ ਪ੍ਰੋਸੈਸ ਪਹਿਲਾਂ ਆਉ ਪਹਿਲਾਂ ਪਾਓ ਦੇ ਆਧਾਰ 'ਤੇ ਕੰਮ ਕਰੇਗਾ।
ਸਰਾਏ ਨੇ ਦੱਸਿਆ ਕਿ ਸਾਲ 2014 'ਚ ਪੀਜੀਪੀ ਪ੍ਰੋਗਰਾਮ ਤਹਿਤ 5,000 ਵੀਜ਼ੇ ਦਿੱਤੇ ਗਏ ਸਨ। ਇਸ ਤੋਂ ਅਗਲੇ ਸਾਲ 10,000, ਸਾਲ 2018 'ਚ 17,000 ਵੀਜ਼ੇ ਦਿੱਤੇ ਗਏ। ਹੁਣ 20,000 ਲੋਕਾਂ ਨੂੰ ਪੀਜੀਪੀ ਪ੍ਰੋਗਰਾਮ ਤਹਿਤ ਵੀਜ਼ੇ ਦਿੱਤੇ ਜਾਣਗੇ।