Ram Navmi Violence : ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਨੇ ਵੀਰਵਾਰ (14 ਅਪ੍ਰੈਲ) ਨੂੰ ਭਾਰਤ 'ਚ ਮੁਸਲਮਾਨਾਂ ਖਿਲਾਫ ਵਧ ਰਹੀ ਹਿੰਸਾ ਦੇ ਖਤਰੇ 'ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਦਾ ਇਹ ਟਵੀਟ ਰਾਮ ਨੌਮੀ ਦੇ ਦਿਨ ਭਾਰਤ ਦੇ ਕਈ ਸ਼ਹਿਰਾਂ ਅਤੇ ਕਸਬਿਆਂ ਵਿੱਚ ਫਿਰਕੂ ਤਣਾਅ ਅਤੇ ਹਿੰਸਾ ਦੀਆਂ ਘਟਨਾਵਾਂ ਤੋਂ ਬਾਅਦ ਆਇਆ ਹੈ।



ਸਿੰਘ ਨੇ ਆਪਣੇ ਟਵੀਟ ਵਿੱਚ ਕਿਹਾ, "ਮੈਂ ਭਾਰਤ ਵਿੱਚ ਮੁਸਲਿਮ ਭਾਈਚਾਰੇ ਵਿਰੁੱਧ ਹਿੰਸਾ ਦੀਆਂ ਤਸਵੀਰਾਂ, ਵੀਡੀਓਜ਼ ਅਤੇ ਨਿਸ਼ਾਨਾ ਬਣਾਏ ਜਾਣ ਦੀਆਂ ਧਮਕੀਆਂ ਨੂੰ ਲੈ ਕੇ ਗਹਿਰਾਈ ਤੋਂ ਚਿੰਤਤ ਹਾਂ। ਮੋਦੀ ਸਰਕਾਰ ਨੂੰ ਮੁਸਲਿਮ ਵਿਰੋਧੀ ਭਾਵਨਾਵਾਂ ਨੂੰ ਭੜਕਾਉਣਾ ਬੰਦ ਕਰਨਾ ਚਾਹੀਦਾ ਹੈ। ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨੀ ਚਾਹੀਦੀ ਹੈ। ਕੈਨੇਡਾ ਨੂੰ ਇੱਕ ਮਜ਼ਬੂਤ ​​ਭੂਮਿਕਾ ਨਿਭਾਉਣੀ ਚਾਹੀਦੀ ਹੈ। ਹਰ ਜਗ੍ਹਾ ਸ਼ਾਂਤੀ ਦੀ ਦਿਸ਼ਾ 'ਚ ਕੈਨੇਡਾ ਨੂੰ ਇੱਕ ਮਜਬੂਤ ਭੂਮਿਕਾ ਨਿਭਾਉਣੀ ਚਾਹੀਦੀ ਹੈ। 






ਦੱਸ ਦੇਈਏ ਕਿ ਪਿਛਲੀਆਂ ਚੋਣਾਂ ਵਿੱਚ ਜਗਮੀਤ ਸਿੰਘ ਦੀ ਪਾਰਟੀ ਨੇ 24 ਸੀਟਾਂ ਜਿੱਤੀਆਂ ਸਨ ਅਤੇ ਉਹ ਕਿੰਗਮੇਕਰ ਦੀ ਭੂਮਿਕਾ ਵਿੱਚ ਆਏ ਸਨ। ਸਿੰਘ ਦੀ ਪਾਰਟੀ ਕੈਨੇਡਾ ਵਿੱਚ ਜਸਟਿਨ ਟਰੂਡੋ ਸਰਕਾਰ ਦੀ ਅਹਿਮ ਸਹਿਯੋਗੀ ਹੈ।


ਰਾਮ ਨੌਮੀ ਦੀਆਂ ਰੈਲੀਆਂ ਵਿੱਚ ਹਿੱਸਾ ਲੈਣ ਵਾਲਿਆਂ ਦੀਆਂ ਮਸਜਿਦਾਂ ਅਤੇ ਮੁਸਲਿਮ ਆਬਾਦੀ ਵਾਲੇ ਇਲਾਕਿਆਂ ਦੇ ਸਾਹਮਣੇ ਜਲੂਸ ਕੱਢਣ ਦੇ ਵੀਡੀਓ ਵਾਇਰਲ ਹੋਏ ਹਨ। ਮੱਧ ਪ੍ਰਦੇਸ਼, ਗੁਜਰਾਤ, ਝਾਰਖੰਡ, ਪੱਛਮੀ ਬੰਗਾਲ, ਗੋਆ, ਮੁੰਬਈ ਅਤੇ ਇੱਥੋਂ ਤੱਕ ਕਿ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਅਸ਼ਾਂਤੀ ਅਤੇ ਹਿੰਸਾ ਦੀਆਂ ਖਬਰਾਂ ਸਾਹਮਣੇ ਆਈਆਂ ਸਨ, ਜਿੱਥੇ ਕਈ ਵਿਦਿਆਰਥੀ ਜ਼ਖਮੀ ਹੋਏ।
ਮੱਧ ਪ੍ਰਦੇਸ਼ ਦੇ ਖਰਗੋਨ ਵਿੱਚ ਰਾਮ ਨੌਮੀ ਦੇ ਦਿਨ ਜਿੱਥੇ ਕਈ ਰਾਜਾਂ ਵਿੱਚ ਹਿੰਸਾ ਅਤੇ ਝੜਪਾਂ ਹੋਈਆਂ, ਉੱਥੇ ਹੀ ਹਿੰਸਾ ਕਾਰਨ ਸਰਕਾਰ ਨੇ 16 ਘਰਾਂ ਅਤੇ 29 ਦੁਕਾਨਾਂ ਨੂੰ ਢਾਹ ਦਿੱਤਾ, ਜਿਨ੍ਹਾਂ ਵਿੱਚ ਜ਼ਿਆਦਾਤਰ ਮੁਸਲਿਮ ਭਾਈਚਾਰੇ ਦੇ ਸਨ।


ਇਸ ਦੌਰਾਨ, ਸੀਪੀਆਈ (ਐਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਬੁੱਧਵਾਰ ਨੂੰ ਰਾਮ ਨੌਮੀ ਦੌਰਾਨ ਫਿਰਕੂ ਹਿੰਸਾ ਦੀਆਂ ਘਟਨਾਵਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਦੋਸ਼ ਲਗਾਇਆ ਕਿ ਇਸ ਮੁੱਦੇ 'ਤੇ ਉਨ੍ਹਾਂ ਦੀ ਚੁੱਪੀ ਇਸ ਗੱਲ ਦਾ "ਮਹੱਤਵਪੂਰਨ ਸਬੂਤ" ਹੈ ਕਿ ਅਜਿਹੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਅਧਿਕਾਰਤ ਸੁਰੱਖਿਆ ਪ੍ਰਾਪਤ ਹੈ।


ਯੇਚੁਰੀ ਨੇ ਕਿਹਾ ਕਿ ਰਾਮ ਨੌਮੀ ਦੇ ਦੌਰਾਨ ਇੰਨੇ ਵੱਡੇ ਪੱਧਰ 'ਤੇ ਫਿਰਕੂ ਹਿੰਸਾ ਦੀਆਂ ਘਟਨਾਵਾਂ "ਕਦੇ ਨਾ ਵੇਖੀਆਂ ਅਤੇ ਸੁਣੀਆਂ ਗਈਆਂ ਸਨ"। ਉਹਨਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਦੇਸ਼ ਵਿੱਚ ਫਿਰਕੂ ਧਰੁਵੀਕਰਨ ਨੂੰ ਤੇਜ਼ ਕਰਨ ਦੇ "ਇਕਮਾਤਰ ਏਜੰਡੇ" ਨਾਲ ਕੰਮ ਕਰਨ ਦਾ ਦੋਸ਼ ਲਗਾਇਆ। ਖੱਬੇ ਪੱਖੀ ਆਗੂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਸ ਮੁੱਦੇ ਨੂੰ ਕੇਂਦਰ ਕੋਲ ਉਠਾਏਗੀ ਅਤੇ ਇਸ ਮੁੱਦੇ 'ਤੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਵੀ ਨਾਲ ਲਿਆਉਣ ਦੀ ਕੋਸ਼ਿਸ਼ ਕਰੇਗੀ।