ਚੰਡੀਗੜ੍ਹ: ਕੈਨੇਡਾ ਦੇ ਸਭ ਤੋਂ ਮਕਬੂਲ ਅਖਬਾਰ ‘ਟੋਰਾਂਟੋ ਸਟਾਰ’ ਨੇ ਕੈਨੇਡਾ ਦੀ ਨੈਸ਼ਨਲ ਡੈਮੋਕਰੇਟਿਕ ਪਾਰਟੀ (ਐਨਡੀਪੀ) ਦੇ ਭਾਰਤੀਵੰਸ਼ੀ ਸਿੱਖ ਪ੍ਰਧਾਨ ਜਗਮੀਤ ਸਿੰਘ 'ਤੇ ਵਿਵਾਦਿਤ ਟਿੱਪਣੀ ਕੀਤੀ ਜਿਸ ਕਰਕੇ ਉਸ ਨੂੰ ਲੋਕਾਂ ਦੀ ਟਰੋਲਿੰਗ ਦਾ ਸਾਹਮਣਾ ਕਰਨਾ ਪਿਆ।


ਅਖ਼ਬਾਰ ਨੇ ਜਗਮੀਤ ਸਿੰਘ ਬਾਰੇ ਇੱਕ ਟਵੀਟ ਪੋਸਟ ਕੀਤਾ ਜਿਸ ਵਿੱਚ ਪੁੱਛਿਆ ਗਿਆ, 'ਜਗਮੀਤ- ਤੁਹਾਡੇ ਦਿਲ ਦੇ ਨੇੜੇ ਸਭ ਤੋਂ ਵੱਡਾ ਮਸਲਾ ਕੀ ਹੈ? ਕੀ ਤੁਸੀਂ ਦੱਸ ਸਕਦੇ ਹੋ ਕਿ ਬਟਰ-ਚਿਕਨ ਰੋਟੀ ਲਈ ਸਭ ਤੋਂ ਉੱਤਮ ਸਥਾਨ ਕਿਹੜਾ ਹੈ?' ਦਰਅਸਲ, ਕਨੈਡਾ ਵਿੱਚ ਅਕਤੂਬਰ ਵਿੱਚ ਸੰਘੀ ਚੋਣਾਂ ਹੋਣੀਆਂ ਹਨ ਤੇ ‘ਟੋਰਾਂਟੋ ਸਟਾਰ’ ਪ੍ਰਧਾਨ ਮੰਤਰੀ ਟਰੂਡੋ ਦੀ ਲਿਬਰਲ ਪਾਰਟੀ ਦਾ ਸਮਰਥਕ ਹੈ। ਜਗਮੀਤ ਦੀ ਪ੍ਰਸਿੱਧੀ ਵਧਦੀ ਜਾ ਰਹੀ ਹੈ, ਇਸ ਲਈ ਅਖਬਾਰ ਨੇ ਲਿਬਰਲ ਪਾਰਟੀ ਦੇ ਹੱਕ ਵਿੱਚ ਅਜਿਹੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।



ਪਰ ਇਹ ਟਵੀਟ ਅਖ਼ਬਾਰ ਲਈ ਗਲ਼ ਦੀ ਖਰਾਸ਼ ਬਣ ਗਿਆ, ਕਿਉਂਕਿ ਜਗਮੀਤ ਅੰਮ੍ਰਿਤਧਾਰੀ ਸਿੱਖ ਹਨ ਤੇ ਮਾਸ ਨਹੀਂ ਖਾਂਦੇ। ਸੋਸ਼ਲ ਮੀਡੀਆ 'ਤੇ ਸਖ਼ਤ ਆਲੋਚਨਾ ਦੇ ਬਾਅਦ, 'ਟੋਰਾਂਟੋ ਸਟਾਰ' ਨੇ ਇਸ ਕਥਿਤ ਕੁਮੈਂਟ ਨੂੰ ਹਟਾ ਲਿਆ ਪਰ ਉਦੋਂ ਤਕ ਕਾਫੀ ਦੇਰ ਹੋ ਚੁੱਕੀ ਸੀ। ਇਸ ਕੁਮੈਂਟ ਨੂੰ ਸਿੱਖਾਂ ‘ਤੇ ਨਸਲੀ ਟਿੱਪਣੀ ਮੰਨ ਕੇ ਵਾਰ-ਵਾਰ ਦੁਬਾਰਾ ਉਸ ਨੂੰ ਰੀਟਵੀਟ ਕੀਤਾ ਗਿਆ।


ਦੱਸ ਦੇਈਏ ਕਨੈਡਾ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਕਮਿਊਨਿਟੀ ਮੌਜੂਦ ਹੈ ਤੇ ਚੋਣਾਂ ਵਿੱਚ ਵੀ ਵੱਡੀ ਭੂਮਿਕਾ ਅਦਾ ਕਰਦੀ ਹੈ। ਸਰਵੇ ਵਿੱਚ ਜਗਮੀਤ ਤੇ ਉਨ੍ਹਾਂ ਦੀ ਪਾਰਟੀ ਤੀਜੇ ਨੰਬਰ 'ਤੇ ਹੈ। ਕੈਨੇਡੀਅਨ ਚੋਣਾਂ ਵਿੱਚ ਪਹਿਲਾਂ ਵੀ ਅਜਿਹੇ ਉਲਟਫੇਰ ਹੋਏ ਹਨ ਕਿ ਸਰਵੇਖਣ ਵਿੱਚ ਤੀਜੇ ਨੰਬਰ ਦੀ ਪਾਰਟੀ ਐਨ ਮੌਕੇ ਬਾਜ਼ੀ ਮਾਰ ਜਾਂਦੀ ਹੈ। ਜੇ ਸਿੱਖਾਂ ਨੇ ਇਸ ਟਿੱਪਣੀ ਨੂੰ ਦਿਮਾਗ 'ਤੇ ਲੈ ਲਿਆ ਤਾਂ ਇਹ ਲਿਬਰਲ ਪਾਰਟੀ ਲਈ ਪੈਰ 'ਤੇ ਕੁਹਾੜਾ ਮਾਰਨ ਵਰਗਾ ਸਿੱਧ ਹੋਵੇਗਾ, ਕਿਉਂਕਿ ਟਰੂਡੋ ਸਰਕਾਰ ਵਿੱਚ ਰੱਖਿਆ ਮੰਤਰੀ ਸੱਜਣ ਸਿੰਘ ਸਮੇਤ ਬਹੁਤ ਸਾਰੇ ਪੰਜਾਬੀ ਆਗੂ ਮੌਜੂਦ ਹਨ।