ਹਰਸ਼ਰਨ ਕੌਰ

ਚੰਡੀਗੜ੍ਹ: ਭਾਰਤ ਫੇਰੀ ਦੇ 5ਵੇਂ ਦਿਨ ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪੰਜਾਬ ਦੀ ਧਰਤੀ 'ਤੇ ਪਹੁੰਚੇ। 11 ਵਜੇ ਦੇ ਕਰੀਬ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਹਵਾਈ ਅੱਡੇ 'ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਤੇ ਨਵਜੋਤ ਸਿੱਧੂ ਨੇ ਟਰੂਡੋ ਪਰਿਵਾਰ ਦਾ ਸੁਆਗਤ ਕੀਤਾ। ਟਰੂਡੋ ਦੇ ਸੁਆਗਤ ਲਈ ਏਅਰਪੋਰਟ ਤੋਂ ਲੈ ਕੇ ਦਰਬਾਰ ਸਾਹਿਬ ਤੱਕ ਪੰਜਾਬੀਆਂ ਨੇ ਪਲਕਾਂ ਵਿਛਾ ਦਿੱਤੀਆਂ। ਥਾਂ-ਥਾਂ ਸੁਆਗਤੀ ਬੋਰਡ ਲੱਗੇ ਹੋਏ ਸਨ। ਜਸਟਿਨ ਟਰੂਡੋ ਵੀ ਇੱਥੇ ਪੰਜਾਬੀ ਰੰਗ ਵਿੱਚ ਰੰਗੇ ਨਜ਼ਰ ਆਏ। ਉਨ੍ਹਾਂ ਦਾ ਪਰਿਵਾਰ ਪੰਜਾਬੀ ਪਹਿਰਾਵੇ ਵਿੱਚ ਨਜ਼ਰ ਆਇਆ।

ਹਵਾਈ ਅੱਡੇ 'ਤੇ ਪੰਜਾਬ ਭਰ ਤੋਂ ਸਿੱਖ ਜਥੇਬੰਦੀਆਂ ਆਪਣੇ ਹਰਮਨ ਪਿਆਰੇ ਲੀਡਰ ਦੇ ਸੁਆਗਤ ਲਈ ਪਹੁੰਚੇ ਹੋਏ ਸਨ। ਹਾਲਾਂਕਿ ਪ੍ਰਧਾਨ ਮੰਤਰੀ ਦਾ ਕਾਫਲਾ ਦੂਜੇ ਪਾਸਿਉਂ ਨਿਕਲ ਗਿਆ। ਪ੍ਰਧਾਨ ਮੰਤਰੀ ਨਾਲ ਉਨ੍ਹਾਂ ਦੇ ਪੰਜ ਕੈਬਨਿਟ ਮੰਤਰੀ ਤੇ ਪਾਰਲੀਮੈਂਟ ਮੈਂਬਰਾਂ ਦਾ ਵੱਡਾ ਕਾਫਲਾ ਪਹੁੰਚਿਆ ਹੋਇਆ ਸੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲੀ ਵਾਰ ਆਪਣੇ ਅਧਿਕਾਰੀਆਂ ਤੇ ਮੁਲਜ਼ਾਮਾਂ ਨੂੰ ਵਰਦੀ ਦਾ ਰੰਗ ਦਿੱਤਾ ਸੀ। ਟਾਸਕ ਫੋਰਸ ਕੇਸਰੀ ਦਸਤਾਰਾਂ ਜਦਕਿ ਐਸਪੀਸੀਜੀ ਅਧਿਕਾਰੀ ਤੇ ਮੁਲਾਜ਼ਮ ਨੀਲੀਆਂ ਦਸਤਾਰਾਂ ਵਿੱਚ ਸਨ। ਹਰਿਮੰਦਰ ਸਾਹਿਬ ਪਹੁੰਚਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ , ਡੀਐਸਜੀਆਐਮਸੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਫੁੱਲਾਂ ਦੇ ਗੁਲਦਸਤੇ ਨਾਲ ਸੁਆਗਤ ਕੀਤਾ।

ਜਸਟਿਨ ਟਰੂਡੋ ਦੀ ਪਤਨੀ ਸੋਫੀ ਤੇ ਦੋ ਵੱਡੇ ਬੱਚੇ ਪੰਜਾਬੀ ਪਹਿਰਾਵੇ ਵਿੱਚ ਸਜੇ ਹੋਏ ਸਨ। ਟਰੂਡੋ ਦੀ ਇੱਕ ਝਲਕ ਦੇਖਣ ਲਈ ਹਰਿਮੰਦਰ ਸਾਹਿਬ ਪਹੁੰਚੀ ਸੰਗਤ ਵੀ ਬੇਤਾਬ ਸੀ। ਪਰਿਕਰਮਾ ਵਿੱਚੋਂ ਲੰਘ ਰਹੇ ਟਰੂਡੋ ਪਰਿਵਾਰ ਨੇ ਪੂਰਾ ਸਮਾਂ ਹੱਥ ਜੋੜ ਕੇ ਰੱਖੇ ਤੇ ਮੁਸਕਰਾ ਕੇ ਸੰਗਤ ਦਾ ਪਿਆਰ ਕਬੂਲਦੇ ਰਹੇ।

ਕੈਨੇਡਾ ਦੇ ਡਿਫੈਂਸ ਮਨਿਸਟਰ ਹਰਜੀਤ ਸਿੰਘ ਸੱਜਣ ਨਾਲ ਪੂਰੀ ਟਰੂਡੋ ਕੈਬਨਿਟ ਉਨ੍ਹਾਂ ਦੇ ਨਾਲ ਚੱਲ ਰਹੀ ਸੀ। ਸਿੱਖ ਧਰਮ ਦੀ ਪਹਿਲਾਂ ਪੰਗਤ ਪਾਛੇ ਸੰਗਤ ਰਵਾਇਤ ਮੁਤਾਬਕ ਪ੍ਰਧਾਨ ਮੰਤਰੀ ਟਰੂਡੋ ਤੇ ਸਾਰੇ ਨੁਮਾਇੰਦੇ ਗੁਰੂ ਰਾਮਦਾਸ ਲੰਗਰ ਹਾਲ ਪਹੁੰਚੇ। ਇੱਥੇ ਕਰੀਬ 15 ਮਿੰਟ ਤੱਕ ਟਰੂਡੋ ਨੇ ਪਰਿਵਾਰ ਸਮੇਤ ਲੰਗਰ ਪਕਾਉਣ ਦੀ ਸੇਵਾ ਕੀਤੀ ਤੇ ਲੰਗਰ ਪ੍ਰਬੰਧ ਬਾਰੇ ਜਾਣਾਕਰੀ ਹਾਸਲ ਕੀਤੀ। ਲੰਗਰ ਹਾਲ ਤੋਂ ਬਅਦ ਟਰੂਡੋ ਉਸ ਰੂਹਾਨੀ ਦਰਬਾਰ ਪਹੁੰਚੇ, ਜਿੱਥੇ ਹਰ ਧਰਮ, ਜਾਤ ਮਜ਼ਹਬ ਤੇ ਫਿਰਕੇ ਦੇ ਲੋਕ ਸੀਸ ਝੁਕਾਉਂਦੇ ਹਨ।

ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਟਰੂਡੋ ਪਰਿਵਾਰ ਨੂੰ ਸਿਰੋਪਾਉ ਦੀ ਬਖਸ਼ਿਸ਼ ਕੀਤੀ। ਟਰੂਡੋ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਪੁਸ਼ਾਕਾ ਵੀ ਭੇਟ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਟਰੂਡੋ ਪਰਿਵਾਰ ਨੂੰ ਦਰਬਾਰ ਸਾਹਿਬ ਦੇ ਮਾਡਲ ਤੇ ਕਿਤਾਬਾਂ ਭੇਟ ਕੀਤੀਆਂ ਗਈਆਂ।

ਦਰਬਾਰ ਸਾਹਿਬ ਦੇ ਦਰਸ਼ਨਾਂ ਉਪਰੰਤ ਟਰੂਡੋ ਨੇ ਭਾਰਤ ਪਾਕਿਸਤਾਨ ਵੰਡ ਬਾਰੇ ਪਾਰਟੀਸ਼ਨ ਮਿਊਜ਼ੀਅਮ ਵੀ ਦੇਖਿਆ। ਇਸ ਮਗਰੋਂ ਤਾਜ ਸਵਰਨਾ ਪੰਜ ਸਿਤਾਰਾ ਹੋਟਲ ਵਿੱਚ ਟਰੂਡੋ ਤੇ ਕੈਪਟਨ ਅਮਰਿੰਦਰ ਸਿੰਘ ਦੀ ਕਰੀਬ 20 ਮਿੰਟ ਮੁਲਾਕਾਤ ਹੋਈ। ਟਰੂਡੋ ਕਰੀਬ 4 ਘੰਟੇ ਗੁਰੂ ਕੀ ਨਗਰੀ ਅੰਮ੍ਰਿਤਸਰ ਰਹੇ। ਖੂਬਸੂਰਤ ਤੇ ਦਿਲ ਖੋਲ੍ਹ ਕੇ ਕੀਤੀ ਜਾਂਦੀ ਮਹਿਮਾਨ ਨਿਵਾਜ਼ੀ ਲਈ ਦੁਨੀਆ ਭਰ ਵਿੱਚ ਜਾਣੇ ਜਾਂਦੇ ਪੰਜਾਬੀਆਂ ਨੇ ਆਪਣੇ ਅਜੀਜ਼ ਵਿਦੇਸ਼ੀ ਲੀਡਰ ਜਸਟਿਨ ਟਰੂਡੋ ਨੂੰ ਵੀ ਜ਼ਾਹਿਰ ਤੌਰ ਕਾਇਲ ਕੀਤਾ।