ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ੀ ਧਰਤੀ ਤੋਂ ਸੁਨੇਹਾ ਭੇਜਿਆ ਹੈ ਕਿ ਅੰਮ੍ਰਿਤਸਰ ਰੇਲ ਹਾਦਸੇ ਦੀ ਜਾਰੀ ਮੈਜਿਸਟ੍ਰੇਟੀ ਜਾਂਚ ਵਿੱਚ ਸਾਹਮਣੇ ਆਏ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣਗੀਆਂ। ਬੀਤੀ 19 ਅਕਤੂਬਰ ਨੂੰ ਪਟੜੀ 'ਤੇ ਖੜ੍ਹ ਕੇ ਦੁਸਹਿਰਾ ਦੇਖਣ ਵਾਲੇ ਸੈਂਕੜੇ ਲੋਕ ਜਲੰਧਰ ਤੋਂ ਆ ਰਹੀ ਡੀਐਮਯੂ ਰੇਲ ਹੇਠ ਦਰੜੇ ਗਏ, ਜਿਸ ਕਾਰਨ 59 ਜਾਨਾਂ ਚਲੀਆਂ ਗਈਆਂ ਸਨ।

ਸੋਮਵਾਰ ਤੋਂ ਪੰਜ ਦਿਨਾ ਦੌਰੇ 'ਤੇ ਇਜ਼ਰਾਈਲ ਗਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੋਧੀਆਂ ਵੱਲੋਂ ਲਗਾਤਾਰ ਆਲੋਚਨਾ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਇਜ਼ਰਾਈਲ ਤੋਂ ਬਿਆਨ ਭੇਜਿਆ ਹੈ, ਜਿਸ ਮੁਤਾਬਕ ਕੈਪਟਨ ਦਾ ਇਹ ਦੌਰਾ ਕਾਫੀ ਪਹਿਲਾਂ ਹੀ ਤੈਅ ਸੀ ਤੇ ਰੇਲ ਹਾਦਸੇ ਤੋਂ ਬਾਅਦ ਇਸ ਨੂੰ ਅੱਗੇ ਪਾ ਦਿੱਤਾ ਗਿਆ ਸੀ। ਕੈਪਟਨ ਨੇ ਕਿਹਾ ਕਿ ਉਹ ਹਾਦਸੇ ਤੋਂ ਬਾਅਦ ਰਾਹਤ ਕਾਰਜਾਂ ਦੀ ਤਸੱਲੀ ਬਾਅਦ ਹੀ ਇਜ਼ਰਾਈਲ ਆਏ ਸਨ।

ਮੁੱਖ ਮੰਤਰੀ ਇਜ਼ਰਾਈਲ ਦੌਰੇ 'ਤੇ ਪੰਜਾਬ ਦੇ ਉੱਚ ਪੱਧਰੀ ਵਫ਼ਦ ਦੀ ਅਗਵਾਈ ਕਰ ਰਹੇ ਹਨ ਜੋ ਸੂਬੇ ਵਿੱਚ ਨਿਵੇਸ਼ ਦੇ ਨਾਲ-ਨਾਲ ਉੱਥੋਂ ਦੀ ਸਰਕਾਰ ਦਾ ਪੰਜਾਬ ਦੀ ਖੇਤੀਬਾੜੀ, ਬਾਗ਼ਬਾਨੀ, ਡੇਅਰੀ ਫਾਰਮਿੰਗ ਤੇ ਜਲ ਸਰੋਤਾਂ ਦੇ ਸਹੀ ਪ੍ਰਬੰਧਨ ਵਿੱਚ ਸਹਿਯੋਗ ਚਾਹੁੰਦੇ ਹਨ। ਕੈਪਟਨ ਨੇ ਕਿਹਾ ਹੈ ਕਿ ਬੇਸ਼ੱਕ ਉਹ ਇਸ ਦੌਰੇ 'ਤੇ ਹਨ ਪਰ ਆਪਣੇ ਸਾਥੀ ਮੰਤਰੀ ਬ੍ਰਹਮ ਮੁਹਿੰਦਰਾ ਨਾਲ ਲਗਾਤਾਰ ਸੰਪਰਕ ਵਿੱਚ ਹਨ, ਜੋ ਅੰਮ੍ਰਿਤਸਰ ਹਾਦਸੇ ਦੇ ਰਾਹਤ ਕਾਰਜਾਂ ਦੀ ਦੇਖਰੇਖ ਕਰ ਰਹੇ ਹਨ।