ਲੁਧਿਆਣਾ: ਨੌਜਵਾਨਾਂ ਨੂੰ ਗ਼ਲਤ ਤਕੀਰੇ ਨਾਲ ਵਿਦੇਸ਼ ਭੇਜਣ ਦੇ ਇਲਜ਼ਾਮ ਹੇਠ ਸ਼ਹਿਰ ਦੇ ਸੁੰਦਰ ਨਗਰ ਦੇ ਟ੍ਰੈਵਲ ਤੇ ਇੰਮੀਗ੍ਰੇਸ਼ਨ ਏਜੰਟ ਨਿਤੀਸ਼ ਘਈ (30) ਖ਼ਿਲਾਫ਼ ਘੱਟੋ-ਘੱਟ 100 ਐਫਆਈਆਰ ਦਰਜ ਹੋ ਚੁੱਕੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਉਹ ਲੋਕਾਂ ਨੂੰ ਵਿਦੇਸ਼ ਭੇਜਣ ਬਦਲੇ ਹਰ ਮਹੀਨੇ 70 ਤੋਂ 80 ਲੱਖ ਰੁਪਏ ਮਹੀਨਾ ਕਮਾ ਰਿਹਾ ਸੀ। ਉਸ ਨੇ ਪਿਛਲੇ ਤਿੰਨਾਂ ਸਾਲਾਂ ਵਿੱਚ ਆਪਣੇ ਤੇ ਆਪਣੇ ਪਰਿਵਾਰ ਦੇ ਨਾਂ 'ਤੇ ਕਰੋੜਾਂ ਰੁਪਏ ਤੋਂ ਵੱਧ ਦੀ ਜਾਇਦਾਦ ਵੀ ਬਣਾ ਲਈ ਹੈ।
ਘਈ ਦੇ ਪੀੜਤ ਨੌਜਵਾਨਾਂ ਵਿੱਚੋਂ 80 ਫ਼ੀਸਦ ਪੰਜਾਬੀ ਹਨ, ਜਦਕਿ ਬਾਕੀ ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ, ਗੁਜਰਾਤ, ਆਂਧਰਾ ਪ੍ਰਦੇਸ਼ ਤੇ ਤਮਿਲਨਾਡੂ ਨਾਲ ਸਬੰਧਤ ਹਨ। ਲੁਧਿਆਣਾ ਪੁਲਿਸ ਨੇ ਘਈ ਵਿਰੁੱਧ ਤਿੰਨ ਕੇਸਾਂ ਵਿੱਚ ਅਦਾਲਤ ਅੰਦਰ ਚਲਾਣ ਵੀ ਦਾਇਰ ਕਰ ਦਿੱਤਾ ਹੈ। ਇਸ ਸਮੇਂ ਮੁਲਜ਼ਮ ਟ੍ਰੈਵਲ ਏਜੰਟ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ।
ਇਸ ਮਾਮਲੇ ਦੀ ਤਫ਼ਤੀਸ਼ ਕਰ ਰਹੇ ਲੁਧਿਆਣਾ ਦੇ ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਘਈ ਵਿਰੁੱਧ ਧੋਖਾਧੜੀ ਦੀਆਂ 300 ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਇਹ ਸੂਬੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਇੱਕ ਟ੍ਰੈਵਲ ਏਜੰਟ ਵਿਰੁੱਧ 100 ਕੇਸ ਦਰਜ ਕੀਤੇ ਗਏ ਹੋਣ। ਲਾਂਬਾ ਨੇ ਦੱਸਿਆ ਕਿ ਘਈ ਬੇਹੱਦ ਤਰੀਕੇ ਨਾਲ ਕੰਮ ਕਰਦਾ ਸੀ।
ਉਹ ਵਿਦੇਸ਼ ਵਿੱਚ ਵਰਕ ਪਰਮਿਟ ਦਿਵਾਉਣ ਲਈ ਲੋਕਾਂ ਤੋਂ ਪਹਿਲਾਂ 25,000 ਰੁਪਏ ਲੈ ਲੈਂਦਾ ਸੀ ਤੇ ਬਾਅਦ ਵਿੱਚ ਕਹਿ ਦਿੰਦਾ ਸੀ ਕਿ ਉਨ੍ਹਾਂ ਦਾ ਵੀਜ਼ਾ ਰੱਦ ਹੋ ਗਿਆ ਹੈ। ਜ਼ਿਆਦਾਤਰ ਲੋਕ ਪੁਲਿਸ ਨੂੰ ਸ਼ਿਕਾਇਤ ਨਹੀਂ ਸੀ ਦਿੰਦੇ, ਜੋ ਇੱਕ-ਦੋ ਪੁਲਿਸ ਕੋਲ ਜਾਂਦੇ ਸਨ, ਉਨ੍ਹਾਂ ਨੂੰ ਉਹ 10 ਤੋਂ 15 ਹਜ਼ਾਰ ਵਾਪਸ ਕਰ ਕੇ ਸ਼ਾਂਤ ਕਰ ਦਿੰਦਾ ਸੀ। ਏਡੀਸੀਪੀ ਨੇ ਦੱਸਿਆ ਕਿ ਉਹ ਘਈ ਨਾਲ ਪੁਲਿਸ ਦੀ ਗੰਢਤੁੱਪ ਦੀ ਵੀ ਜਾਂਚ ਕਰਨਗੇ।
ਨਿਤੀਸ਼ ਘਈ ਦਾ ਗੋਰਖਧੰਦਾ ਉਦੋਂ ਉਜਾਗਰ ਹੋਇਆ ਜਦ, ਤਮਿਲਨਾਡੂ ਦੇ ਪੇਰੰਬਲੂਰ ਦੇ ਰਹਿਣ ਵਾਲੇ ਵੇਂਗਡਸਲਮ ਨੇ ਦੱਸਿਆ ਕਿ ਉਸ ਨੇ ਘਈ ਨੂੰ ਹਰੇਕ ਦੇ 10,000 ਰੁਪਏ ਦੇ ਹਿਸਾਬ ਨਾਲ 200 ਲੋਕਾਂ ਦੇ ਕੈਨੇਡਾ ਵਰਕ ਵੀਜ਼ਾ ਲਈ ਪੈਸੇ ਦਿੱਤੇ ਸਨ, ਪਰ ਕਿਸੇ ਦਾ ਵੀਜ਼ਾ ਨਹੀਂ ਸੀ ਲੱਗਾ। ਸਾਲ 2015 ਤੋਂ ਇੰਮੀਗ੍ਰੇਸ਼ਨ ਦਾ ਕੰਮ ਸ਼ੁਰੂ ਕਰਨ ਵਾਲੇ ਨਿਤੀਸ਼ ਵਿਰੁੱਧ ਸ਼ਿਕਾਇਤਾਂ ਮਿਲਣ ਤੋਂ ਬਾਅਦ ਪੁਲਿਸ ਨੇ ਇਸੇ ਸਾਲ 25 ਮਈ ਨੂੰ ਲੁਧਿਆਣਾ ਤੋਂ ਲੈਕੇ ਯੂਪੀ ਤੇ ਦਿੱਲੀ ਵਿੱਚ ਵੱਖ-ਵੱਖ ਨਾਵਾਂ 'ਤੇ ਸਥਾਪਤ ਉਸ ਤੇ ਉਸ ਦੇ ਸਾਥੀਆਂ ਦੇ ਕਈ ਦਫ਼ਤਰਾਂ ਤੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ।
ਅਗਲੇ ਹੀ ਦਿਨ 25 ਸ਼ਿਕਾਇਤਾਂ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਦਫ਼ਤਰ ਪੁੱਜ ਗਈਆਂ ਤੇ ਪੁਲਿਸ ਨੇ ਬੀਤੀ ਸੱਤ ਜੁਲਾਈ ਨੂੰ ਨਿਤੀਸ਼ ਘਈ ਨੂੰ ਪਟਿਆਲਾ ਤੋਂ ਗ੍ਰਿਫ਼ਤਾਰ ਕਰ ਲਿਆ। ਘਈ ਦੀ ਚੰਡੀਗੜ੍ਹ ਤੇ ਲੁਧਿਆਣਾ ਵਿੱਚ ਸਥਿਤ ਕਈ ਲੈਬੋਰਟਰੀਆਂ ਵਿੱਚ ਵੀ ਸ਼ਮੂਲੀਅਤ ਸੀ, ਜੋ ਲੋਕਾਂ ਦੇ ਖ਼ੂਨ ਤੇ ਪਿਸ਼ਾਬ ਦੇ ਨਮੂਨੇ ਇਕੱਤਰ ਜ਼ਰੂਰ ਕਰਦੀਆਂ ਸਨ, ਪਰ ਕੋਈ ਰਿਪੋਰਟ ਤਿਆਰ ਨਹੀਂ ਸੀ ਕਰਦੀਆਂ।
ਘਈ ਨੇ ਪਿਛਲੇ ਤਿੰਨਾਂ ਸਾਲਾਂ ਵਿੱਚ 20 ਕਰੋੜ ਤੋਂ ਵੱਧ ਦੀ ਜਾਇਦਾਦ ਬਣਾ ਲਈ ਹੈ, ਜੋ ਉਸ ਦੇ ਖ਼ੁਦ, ਪਰਿਵਾਰ ਤੇ ਰਿਸ਼ਤੇਦਾਰਾਂ ਦੇ ਨਾਵਾਂ 'ਤੇ ਹੈ। ਪੁਲਿਸ ਨੇ ਇਸ ਦੀ ਜਾਂਚ ਲਈ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਚਿੱਠੀ ਲਿਖ ਦਿੱਤੀ ਹੈ। ਪੁਲਿਸ ਨੇ ਘਈ ਦੇ ਨਾਲ ਉਸ ਦੀ ਪਤਨੀ ਗੁਰਮਿੰਦਰ ਕੌਰ, ਭਾਈ ਮੁਨੀਸ਼ ਘਈ, ਰਿਸ਼ਤੇਦਾਰ ਕੁਲਭੂਸ਼ਣ ਸੂਦ ਤੇ ਕਰਮਚਾਰੀ ਗੁਰਮੀਤ ਕੌਰ ਆਸ਼ਾ 'ਤੇ ਵੀ ਕੇਸ ਦਰਜ ਕੀਤਾ ਹੈ। ਏਡੀਸੀਪੀ ਨੇ ਦੱਸਿਆ ਕਿ ਘਈ ਵਿਰੁੱਧ ਮਿਲੀਆਂ ਬਾਕੀ ਸ਼ਿਕਾਇਤਾਂ ਦੀ ਪੜਤਾਲ ਤੋਂ ਬਾਅਦ ਹੋਰ ਕੇਸ ਦਰਜ ਹੋਣ ਦੀ ਕਾਫੀ ਸੰਭਾਵਨਾ ਹੈ।