ਬੀਜਿੰਗ: ਚੀਨ ਨੇ ਸੋਮਵਾਰ ਨੂੰ ਰੂਸ ਨਾਲ ਦਹਾਕਿਆਂ ਪੁਰਾਣੇ ਪਰਮਾਣੂ ਹਥਿਆਰ ਸਮਝੌਤੇ ਨੂੰ ਤੋੜਨ ਦੇ ਅਮਰੀਕੀ ਫੈਸਲੇ ਦਾ ਵਿਰੋਧ ਕੀਤਾ। ਚੀਨ ਨੇ ਇਸ ਨੂੰ ਗ਼ਲਤ ਕਦਮ ਦੱਸਿਆ ਤੇ ਕਿਹਾ ਕਿ ਇਸ ਦਾ ਦੁਨੀਆ 'ਤੇ ਮਾੜਾ ਅਸਰ ਪਵੇਗਾ। ਬੀਜਿੰਗ ਨੇ ਕਿਹਾ ਕਿ ਜੇ ਵਾਸ਼ਿੰਗਟਨ ਨੇ ਚੀਨ ਬਾਰੇ ਅਜਿਹਾ ਕੋਈ ਫੈਸਲਾ ਲਿਆ ਤਾਂ ਇਹ ਹੋਰ ਵੀ ਗਲਤ ਹੈ।

ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੂਆ ਚੁਨਯਿੰਗ ਨੇ ਕਿਹਾ ਕਿ ਉਹ ਅਮਰੀਕਾ ਦੇ ਇੱਕ-ਪਾਸੜ ਸਮਝੌਤਾ ਤੋੜਨ ਦਾ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ਉੱਤੇ ਜ਼ੋਰ ਦਿੰਦੇ ਹਨ ਕਿ ਇਹ ਫੈਸਲਾ ਤਾਂ ਗਲਤ ਹੈ ਹੀ ਤੇ ਚੀਨ ਨੂੰ ਕਾਰਨ ਦੱਸਣਾ ਹੋਰ ਵੀ ਗ਼ਲਤ ਹੈ।

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕਿ ਉਨ੍ਹਾਂ ਦਾ ਦੇਸ਼ ਰੂਸ ਨਾਲ ਇਤਿਹਾਸਕ ਇੰਟਰਮੀਡੀਏਟ ਰੇਂਜ ਪ੍ਰਮਾਣੂ ਫੋਰਸਿਸ ਸੰਧੀ ਵਾਪਸ ਲੈ ਲਵੇਗਾ। ਸੰਧੀ ਤੋੜਨ ਦੇ ਕਾਰਨ ਦੇ ਰੂਪ ਵਜੋਂ ਮਾਸਕੋ ਵੱਲੋਂ ਸੰਧੀ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਦੀ ਗੱਲ ਕੀਤੀ ਗਈ ਸੀ।

ਇਹ ਕਰਾਰ ਅਮਰੀਕਾ ਤੇ ਤਤਕਾਲੀਨ ਸੋਵੀਅਤ ਸੰਘ ਵਿਚਾਲੇ ਹੋਇਆ ਸੀ ਜਿਸ ਤਹਿਤ ਉਨ੍ਹਾਂ ਨੂੰ ਕਰੀਬ 300 ਤੇ 400 ਮੀਲਾਂ ਵਿਚਾਲੇ ਰੇਂਜ ਵਾਲੇ ਬੈਲਿਸਟਿਕ ਤੇ ਕ੍ਰੂਜ਼ ਮਿਜ਼ਾਈਲ ਨੂੰ ਖ਼ਤਮ ਕਰਨਾ ਸੀ। ਟਰੰਪ ਨੇ ਕਿਹਾ ਸੀ ਕਿ ਰੂਸ ਨੇ ਸੰਧੀ ਦੀ ਉਲੰਘਣਾ ਕੀਤੀ ਹੈ ਤੇ ਚੀਨ ਦਾ ਇਸ ਵਿੱਚ ਕੋਈ ਹਿੱਸਾ ਨਹੀਂ ਹੈ। ਇਸ ਲਈ ਬਿਹਤਰ ਇਹ ਹੈ ਕਿ ਇਸ ਕਰਾਰ ਤੋਂ ਬਾਹਰ ਨਿਕਲਿਆ ਜਾਏ।