ਮੈਲਬਰਨ: ਮੀਡੀਆ ਰਿਪੋਰਟ ਅਨੁਸਾਰ ਆਸਟ੍ਰੇਲੀਆ ਦੀ ਇੱਕ ਸਿਟੀ ਕੌਂਸਲ ਦੇ ਸਿੱਖ ਉਮੀਦਵਾਰ ਨੂੰ ਨਸਲੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ। ਟਰੱਕਿੰਗ ਕੰਪਨੀ ਦੇ ਮੋਰੋਨੀ ਨਾਂ ਦੇ ਸ਼ਖ਼ਸ ਨੇ ਪੋਰਟ ਔਗਸਟਾ ਸਿਟੀ ਕੌਂਸਲ ਦੇ ਉਮੀਦਵਾਰ ਸਨੀ ਸਿੰਘ ਦੇ ਪੋਸਟਰ ’ਤੇ ਨਸਲੀ ਹਮਲਾ ਕੀਤਾ ਤੇ ਉਸ ਦੀ ਵੀਡੀਓ ਬਣਾ ਕੇ ਉਨ੍ਹਾਂ ਦੇ ਕੰਪਨੀ ਦੇ ਫੇਸਬੁੱਕ ਪੇਜ ’ਤੇ ਪੋਸਟ ਕਰ ਦਿੱਤੀ। ਇਸ ਸਬੰਧੀ ਸਨੀ ਸਿੰਘ ਨੇ ਕਿਹਾ ਕਿ ਸਥਾਨਕ ਭਾਈਚਾਰੇ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਦੇ ਨਸਲੀ ਵਿਤਕਰੇ ਦਾ ਅਨੁਭਵ ਕੀਤਾ ਹੈ।

ਰਿਪੋਰਟ ਮੁਤਾਬਕ ਵੀਡੀਓ ਵਿੱਚ ਇੱਕ ਆਦਮੀ ਨੇ ਟਰੱਕ ਵਿੱਚ ਬੈਠ ਕੇ ਸਨੀ ਸਿੰਘ ਦੇ ਕੱਟ ਆਊਟ ’ਤੇ ਜਾਤੀ ਤੇ ਨਸਲ ਸਬੰਧੀ ਮਾੜੇ ਸ਼ਬਦ ਬੋਲੇ। ਇਸ ਸਬੰਧੀ ਸਨੀ ਸਿੰਘ ਨੇ ਕਿਹਾ ਕਿ ਇਸ ਸਭ ਵੇਖ ਉਹ ਕਾਫੀ ਪ੍ਰੇਸ਼ਾਨ ਹੋਏ ਕਿਉਂਕਿ ਉਨ੍ਹਾਂ ਇਸ ਆਦਮੀ ਨੂੰ ਪਹਿਲਾਂ ਕਦੇ ਨਹੀਂ ਵੇਖਿਆ, ਨਾ ਕਦੀ ਉਸ ਨਾਲ ਮੁਲਾਕਾਤ ਕੀਤੀ ਤੇ ਨਾ ਹੀ ਉਨ੍ਹਾਂ ਨੂੰ ਇਹ ਪਤਾ ਹੈ ਕਿ ਉਸ ਆਦਮੀ ਨੇ ਅਜਿਹਾ ਕਿਸ ਲਈ ਤੇ ਕਿਉਂ ਕੀਤਾ? ਉਨ੍ਹਾਂ ਮੁਤਾਬਕ ਅਜਿਹਾ ਪਹਿਲੀ ਵਾਰ ਹੋਇਆ ਹੈ।

ਹਾਲਾਂਕਿ ਹਲਕੇ ਦੇ ਲੋਕ ਸਨੀ ਸਿੰਘ ਦੀ ਹਮਾਇਤ ਵਿੱਚ ਅੱਗੇ ਆਏ ਹਨ। ਫੇਸਬੁੱਕ ’ਤੇ ਉਨ੍ਹਾਂ ਨੂੰ ਆਪਣੇ ਹੱਕ ਵਿੱਚ ਕਈ ਮੈਸੇਜ ਤੇ ਕੁਮੈਂਟ ਆਏ ਹਨ। ਦੱਖਣੀ ਆਸਟ੍ਰੇਲੀਅਨ ਅਟਾਰਨੀ ਜਨਰਲ ਵਿਕੀ ਚੈਪਮੈਨ ਨੇ ਫੁਟੇਜ ਨੂੰ ‘ਪ੍ਰੇਸ਼ਾਨ ਕਰਨ ਵਾਲਾ’ ਦੱਸਿਆ ਹੈ। ਰਿਪੋਰਟ ਮੁਤਾਬਕ ਵੀਡੀਓ ਵਿੱਚ ਦਿਖਾਈ ਦੇ ਰਹੇ ਟਰੱਕਿੰਗ ਕੰਪਨੀ ਦੇ ਮੁਲਾਜ਼ਮ ਮੋਰੋਨੀ ਮੁਅੱਤਲ ਕਰ ਦਿੱਤਾ ਗਿਆ ਹੈ।