ਕਰਤਾਰਪੁਰ ਲਾਂਘੇ ਬਾਰੇ ਪਾਕਿਸਤਾਨ ਦੀ ਸ਼ਰਤ ’ਤੇ ਭੜਕੇ ਕੈਪਟਨ
ਏਬੀਪੀ ਸਾਂਝਾ | 23 Jan 2019 05:37 PM (IST)
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਪਾਕਿਸਤਾਨ ਵੱਲੋਂ ਪੇਸ਼ ਕੀਤੇ ਪ੍ਰਸਤਾਵ ਦਾ ਸਖ਼ਤ ਵਿਰੋਧ ਕੀਤਾ। ਪਾਕਿਸਤਾਨ ਨੇ ਕਿਹਾ ਸੀ ਕਿ ਸਿਰਫ ਸਿੱਖ ਸ਼ਰਧਾਲੂਆਂ ਨੂੰ ਹੀ ਕਰਤਾਰਪੁਰ ਦੇ ਗੁਰਦੁਆਰਾ ਸਾਹਿਬ ਦੀ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਏ। ਇਸ ਗੱਲ ਦਾ ਜਵਾਬ ਦਿੰਦਿਆਂ ਕੈਪਟਨ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਸਰਬ ਸਾਂਝੇ ਗੁਰੂ ਸਨ ਜੋ ਸਾਰੇ ਧਰਮਾਂ, ਖ਼ਾਸ ਕਰਕੇ ਹਿੰਦੂਆਂ ਦੇ ਪੈਰੋਕਾਰਾਂ ਵੱਲੋਂ ਸਨਮਾਨੇ ਜਾਂਦੇ ਹਨ। ਮੁੱਖ ਮੰਤਰੀ ਨੇ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਇਸ ਮੁੱਦੇ ਨੂੰ ਪਾਕਿਸਤਾਨ ਕੋਲ ਉਠਾਇਆ ਜਾਵੇ। ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਆਪਣੇ ਖੇਤਰ ਦੀ ਸੁਰੱਖਿਆ ਨੂੰ ਲੈ ਕੇ ਇਸਲਾਮਾਬਾਦ ਨੂੰ ਸ਼ਰਤਾਂ ਰੱਖਣ ਦਾ ਅਧਿਕਾਰ ਹੈ ਪਰ ਉਸ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਿਰਫ ਸਿੱਖਾਂ ਦਾ ਹੀ ਨਹੀਂ, ਬਲਕਿ ਹੋਰ ਧਰਮਾਂ ਦੇ ਲੋਕਾਂ ਦਾ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਵਿੱਚ ਦ੍ਰਿੜ੍ਹ ਵਿਸ਼ਵਾਸ ਕਾਇਮ ਹੈ। ਮੁੱਖ ਮੰਤਰੀ ਨੇ ਗੁਰੂ ਨਾਨਕ ਦੀ ਵਿਚਾਰਧਾਰਾ ਸਪਸ਼ਟ ਕਰਦਿਆਂ ਕਿਹਾ ਕਿ ਸਿੱਖ ਧਰਮ ਭੇਦਭਾਵ ਨਹੀਂ ਕਰਦਾ। ਉਨ੍ਹਾਂ ਲੰਗਰ ਦੀ ਮਿਸਾਲ ਪੇਸ਼ ਕਰਦਿਆਂ ਕਿਹਾ ਕਿ ਲੰਗਰ ਵਰਤਾਉਣ ਵੇਲੇ ਜਾਤ ਜਾਂ ਧਰਮ ਨਹੀਂ ਵੇਖਿਆ ਜਾਂਦਾ। ਗੁਰੂ ਘਰ ਦੇ ਦਰਵਾਜ਼ੇ ਹਰ ਕਿਸੇ ਲਈ ਖੁੱਲ੍ਹੇ ਹੁੰਦੇ ਹਨ। ਇਨ੍ਹਾਂ ਵਿੱਚ ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਵੱਡੀ ਗਿਣਤੀ ਹਿੰਦੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰ ਹਨ ਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਹਨ।