ਨਵੀਂ ਦਿੱਲੀ: ਇੰਸਟੈਂਟ ਮੈਸੇਜ਼ਿੰਗ ਐਪ ਵ੍ਹੱਟਸਐਪ ਮੰਗਲਵਾਰ ਦੇਰ ਰਾਤ ਕਰੀਬ 15 ਮਿੰਟ ਲਈ ਬੰਦ ਰਹੀ। ਇਸ ਕਰਕੇ ਦੁਨੀਆ ਭਰ ਦੇ ਕਰੀਬ 1.5 ਅਰਬ ਵਰਤੋਂਕਾਰ ਪ੍ਰਭਾਵਿਤ ਹੋਏ। ਅਚਾਨਕ ਦੇਰ ਰਾਤ ਵ੍ਹਟਸਐਪ ਕ੍ਰੈਸ਼ ਹੋਣ ਨਾਲ ਯੂਜ਼ਰਸ ਨਾ ਤਾਂ ਲੋਕਾਂ ਨੂੰ ਮੈਸੇਜ ਕਰ ਪਾਏ ਤੇ ਨਾ ਹੀ ਮੈਸੇਜ ਰਿਸੀਵ ਕਰ ਪਾ ਰਹੇ ਸੀ। ਕੁਝ ਲੋਕਾਂ ਨੂੰ ਤਾਂ ਵ੍ਹੱਟਸਐਪ ਦੀ ਕਨੈਕਟੀਵਿਟੀ ‘ਚ ਵੀ ਪ੍ਰੇਸ਼ਾਨੀ ਹੋ ਰਹੀ ਸੀ।


ਡਿਜ਼ੀਟਲ ਸਰਵਿਸ ਨੂੰ ਮੌਨੀਟਰ ਕਰਨ ਵਾਲੀ ਵੈਬਸਾਈਟ downdetector.com ਮੁਤਾਬਕ, ਐਂਡ੍ਰਾਇਡ ਤੇ ਆਈਓਐਸ ਦੋਵਾਂ ਹੀ ਪਲੇਟਫਾਰਮ ‘ਤੇ ਯੂਜ਼ਰਸ ਨੂੰ ਇਸ ਦਿੱਕਤ ਦਾ ਸਾਹਮਣਾ ਕਰਨਾ ਪਿਆ। downdetector.com ਮੁਤਾਬਕ, ਭਾਰਤ ਸਮੇਤ ਅਮਰੀਕਾ ਤੇ ਯੂਰਪ ਦੇ ਜਿਨ੍ਹਾਂ ਯੂਜ਼ਰਸ ‘ਤੇ ਇਸ ਦਾ ਅਸਰ ਹੋਇਆ, ਉਨ੍ਹਾਂ ਵਿੱਚੋਂ 58% ਨੂੰ ਖ਼ਰਾਬ ਕਨੈਕਟੀਵਿਟੀ, 22% ਨੂੰ ਮੈਸੇਜ ਨਾ ਮਿਲਣ ਤੇ 19% ਨੂੰ ਵ੍ਹੱਟਸਐਪ ਲਾਗਇੰਨ ਕਰਨ ‘ਚ ਦਿੱਕਤ ਆਈ।

ਨਵੇਂ ਸਾਲ ‘ਚ ਇਹ ਪਹਿਲੀ ਵਾਰ ਹੈ ਜਦੋਂ ਵ੍ਹੱਟਸਐਪ ਡਾਊਨ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਦਕਿ ਪਿਛਲੇ ਸਾਲ ਇਸ ਤਰ੍ਹਾਂ ਦੀਆਂ ਖ਼ਬਰਾਂ 50 ਵਾਰ ਸਾਹਮਣੇ ਆਈ ਸੀ। ਵੈੱਬਸਾਈਟ ਮੁਤਾਬਕ, ਵ੍ਹੱਟਸਐਪ ‘ਚ ਸਭ ਤੋਂ ਜ਼ਿਆਦਾ 21 ਵਾਰ ਪ੍ਰੇਸ਼ਾਨੀ ਫ਼ਰਵਰੀ 2018 ‘ਚ ਹੋਈ ਸੀ।




ਦੁਨੀਆ ਭਰ ‘ਚ ਵ੍ਹੱਟਸਐਪ ‘ਤੇ ਪ੍ਰੇਸ਼ਾਨੀ ਆਉਣ ਤੋਂ ਬਾਅਦ ਟਵਿਟਰ ‘ਤੇ#WhatsappDown  ਟ੍ਰੇਂਡ ਕਰ ਰਿਹਾ ਹੈ ਤੇ ਲੋਕਾਂ ਨੇ ਟਵਿਟਰ ‘ਤੇ ਵ੍ਹੱਟਸਐਪ ਬਾਰੇ ਆਪਣਾ ਗੁੱਸਾ ਕੱਢਿਆ ਹੈ। ਸੋਸ਼ਲ ਮੀਡੀਆ ‘ਤੇ ਵ੍ਹੱਟਸਐਪ ਨੂੰ ਟ੍ਰੋਲ ਵੀ ਕੀਤਾ ਜਾ ਰਿਹਾ ਹੈ।