ਚੰਡੀਗੜ੍ਹ: ਭਾਰਤੀ ਤਕਨੀਕੀ ਸੰਸਥਾ ਆਈਆਈਟੀ ਰੂਪਨਗਰ ਦੇ ਵਿਦਿਆਰਥੀਆਂ ਨੇ ਅਜਿਹੀ ਐਂਡ੍ਰੌਇਡ ਐਪ ਤਿਆਰ ਕੀਤੀ ਹੈ ਜੋ ਬੋਲ ਕੇ ਭਾਰਤੀ ਕਰੰਸੀ ਦੇ ਨੋਟਾਂ ਦੀ ਪਛਾਣ ਦੱਸੇਗੀ। ਇਸ ਐਪ ਨਾਲ ਅੰਨ੍ਹੇ ਲੋਕਾਂ ਨੂੰ ਨੋਟਾਂ ਦੀ ਪਛਾਣ ਕਰਨ ਵਿੱਚ ਬੇਹੱਦ ਮਦਦ ਕਰੇਗੀ। ਇਸ ਐਪ ਦਾ ਨਾਂ ‘ਰੌਸ਼ਨੀ’ ਰੱਖਿਆ ਗਿਆ ਹੈ।

ਇਸ ਐਪ ਦੀ ਖਾਸੀਅਤ ਇਹ ਹੈ ਕਿ ਇਹ 3 ਤੋਂ 9 ਸੈਕਿੰਡ ਦੇ ਅੰਦਰ-ਅੰਦਰ ਸਾਰੇ ਤਰ੍ਹਾਂ ਦੇ ਭਾਰਤੀ ਕਰੰਸੀ ਦੇ ਨੋਟਾਂ ਦੀ ਪਛਾਣ ਕਰ ਲਏਗੀ। ਐਪ ਜ਼ਰੀਏ ਕਿਸੇ ਵੀ ਸਥਿਤੀ ਵਿੱਚ ਮੋਬਾਈਲ ਫੋਨ ਸਾਹਮਣੇ ਰੱਖੇ ਨੋਟ ਦੀ ਪਛਾਣ ਕੀਤੀ ਜਾ ਸਕਦੀ ਹੈ। ਐਪ ਨਵੇਂ ਤੇ ਪੁਰਾਣੇ ਸਾਰੇ ਕਿਸਮ ਦੇ ਨੋਟਾਂ ਦੀ ਪਛਾਣ ਕਰਨ ਦੇ ਸਮਰਥ ਹੈ। ਗੂਗਲ ਪਲੇਅ ਸਟੋਰ ਤੋਂ ਇਸ ਨੂੰ ਮੁਫਤ ’ਚ ਡਾਊਨਲੋਡ ਕੀਤਾ ਜਾ ਸਕਦਾ ਹੈ।

ਆਈਆਈਡੀ ਦੇ ਡਾਇਰੈਕਟਰ ਪ੍ਰੋਫੈਸਰ ਸਰਿਤ ਕੇ ਦਾਸ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਮੁਤਾਬਕ ਸੰਸਾਰ ਭਰ ਵਿੱਚ 1.4 ਬਿਲੀਅਨ ਲੋਕ ਨੇਤਰਹੀਣ ਹਨ। ਇਨ੍ਹਾਂ ਵਿੱਚੋਂ 36 ਮਿਲੀਅਨ ਲੋਕ ਅੰਨ੍ਹੇਪਣ ਦਾ ਸ਼ਿਕਾਰ ਹਨ। ਇਨ੍ਹਾਂ ਸਾਰਿਆਂ ਦਾ ਤੀਜਾ ਹਿੱਸਾ ਲੋਕ ਭਾਰਤ ਦੇ ਨਿਵਾਸੀ ਹਨ ਜਿਨ੍ਹਾਂ ਨੂੰ ਭਾਰਤੀ ਕਰੰਸੀ ਦੇ ਨੋਟ ਪਛਾਣਨ ਵਿੱਚ ਕਾਫੀ ਦਿੱਕਤ ਆਉਂਦੀ ਹੈ। ਹੁਣ ਇਸ ਐਪ ਜ਼ਰੀਏ ਇਨ੍ਹਾਂ ਲੋਕਾਂ ਨੂੰ ਕਾਫੀ ਮਦਦ ਮਿਲੇਗੀ।