ਕੈਨੇਡਾ 'ਚੋਂ ਜੌਗਿੰਗ ਕਰਦੀ ਮੁਟਿਆਰ ਕਰ ਗਈ ਅਮਰੀਕਾ ਦਾ ਬਾਰਡਰ ਪਾਰ, ਹੋਈ ਜੇਲ੍ਹ
ਏਬੀਪੀ ਸਾਂਝਾ | 25 Jun 2018 01:58 PM (IST)
ਚੰਡੀਗੜ੍ਹ: ਫਰਾਂਸ ਦੀ ਇੱਕ ਮੁਟਿਆਰ ਇੱਕ ਸ਼ਾਮ ਨੂੰ ਕੈਨੇਡਾ ਦੇ ਸਮੁੰਦਰੀ ਕੰਢੇ 'ਤੇ ਦੌੜ ਲਾਉਣ ਸਮੇਂ ਗ਼ਲਤੀ ਨਾਲ ਅਮਰੀਕਾ ਦੀ ਸਰਹੱਦ ਵਿੱਚ ਦਾਖ਼ਲ ਹੋ ਗਈ। ਉਸ ਦੀ ਇਸ ਅਣਜਾਣੀ ਭੁੱਲ ਕਾਰਨ ਉਸ ਨੂੰ ਪਰਵਾਸੀਆਂ ਲਈ ਬਣਾਏ ਗਏ ਹਿਰਾਸਤ ਕੇਂਦਰ ਵਿੱਚ ਦੋ ਹਫ਼ਤੇ ਗੁਜ਼ਾਰਨੇ ਪਏ। 19 ਸਾਲ ਦੀ ਸੇਡੇਲਾ ਰੋਮਨ ਆਪਣੀ ਮਾਂ ਨੂੰ ਮਿਲਣ ਬ੍ਰਿਟਿਸ਼ ਕੋਲੰਬੀਆ ਗਈ ਹੋਈ ਸੀ। ਸੇਡੇਲਾ ਨੇ ਕੈਨੇਡਾ ਦੇ ਮੀਡੀਆ ਨੂੰ ਦੱਸਿਆ ਕਿ ਲੰਘੀ 21 ਮਈ ਦੀ ਸ਼ਾਮ ਨੂੰ ਉਹ ਸਮੁੰਦਰ ਕੰਢੇ ਦੌੜ ਲਾ ਰਹੀ ਸੀ ਤਾਂ ਉਹ ਥੋੜ੍ਹਾ ਦੂਰ ਨਿਕਲ ਗਈ। ਵਾਪਸੀ ਸਮੇਂ ਉਸ ਨੇ ਸਮੁੰਦਰ ਦੀਆਂ ਲਹਿਰਾਂ ਦੀ ਤਸਵੀਰ ਵੀ ਲਈ ਸੀ। ਉਸੇ ਸਮੇਂ ਦੋ ਸੁਰੱਖਿਆ ਮੁਲਾਜ਼ਮ ਸੇਡੇਲਾ ਕੋਲ ਆਏ ਤੇ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਉਸ ਨੂੰ ਵਾਸ਼ਿੰਗਟਨ ਦੇ ਬਲੇਨ ਇਲਾਕੇ ਵਿੱਚ ਘੁਸਪੈਠ ਕਰਨ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕਰ ਲਿਆ। ਸੇਡੇਲਾ ਨੂੰ ਲੱਗ ਰਿਹਾ ਸੀ ਕਿ ਉਸ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਜਾਵੇਗਾ ਜਾਂ ਵੱਧ ਤੋਂ ਵੱਧ ਕੁਝ ਜ਼ੁਰਮਾਨਾ ਲਾ ਦਿੱਤਾ ਜਾਵੇਗਾ, ਪਰ ਉਸ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਉਸ ਨੂੰ ਜੇਲ੍ਹ ਵੀ ਹੋ ਜਾਵੇਗੀ। ਸੇਡੇਲਾ ਨੇ ਕੈਨੇਡਾ ਦੇ ਚੈਨਲ ਸੀਬੀਸੀ ਨੂੰ ਦੱਸਿਆ ਕਿ ਗ੍ਰਿਫ਼ਤਾਰ ਕਰਨ ਤੋਂ ਬਾਅਦ ਗਹਿਣਿਆਂ ਸਮੇਤ ਸਾਰੀਆਂ ਚੀਜ਼ਾਂ ਉਤਰਵਾ ਕੇ ਉਸ ਦੀ ਤਲਾਸ਼ੀ ਲਈ ਗਈ। ਫਰਾਂਸ ਦੀ ਖ਼ਬਰ ਏਜੰਸੀ ਏਐਫ਼ਪੀ ਨੂੰ ਦਿੱਤੇ ਇੰਟਰਵਿਊ ਵਿੱਚ ਸੇਡੇਲਾ ਨੇ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾ ਕਮਰੇ ਵਿੱਚ ਬੰਦ ਰੱਖਿਆ ਜਾਂਦਾ ਸੀ। ਕਮਰੇ ਤੋਂ ਬਾਹਰ ਵਿਹੜੇ ਵਿੱਚ ਕੰਡਿਆਲੀ ਤਾਰ ਲਾਈ ਹੋਈ ਸੀ ਤੇ ਕੁੱਤੇ ਵੀ ਹੁੰਦੇ ਸਨ। ਉਸ ਨੇ ਦੱਸਿਆ ਕਿ ਉੱਥੇ ਅਫਰੀਕਾ ਸਮੇਤ ਹੋਰ ਵੀ ਕਈ ਦੇਸ਼ਾਂ ਦੇ ਲੋਕ ਸਨ। ਸੇਡੇਲਾ ਨੂੰ ਉੱਥੇ ਰਹਿੰਦਿਆਂ ਆਪਣੀ ਮਾਂ ਕ੍ਰਿਸਟੀਅਨ ਨੂੰ ਫ਼ੋਨ ਕਰਨ ਦੀ ਇਜਾਜ਼ਤ ਮਿਲ ਗਈ, ਜਿਸ ਤੋਂ ਬਾਅਦ ਉਸ ਦੀ ਮਾਂ ਉਸ ਦਾ ਪਾਸਪੋਰਟ ਤੇ ਵਰਕ ਪਰਮਿਟ ਲੈ ਕੇ ਕੈਦਖਾਨੇ ਪਹੁੰਚੀ। ਹਾਲਾਂਕਿ, ਅਮਰੀਕੀ ਅਧਿਕਾਰੀਆਂ ਨੇ ਉਸੇ ਸਮੇਂ ਸੇਡੇਲਾ ਨੂੰ ਨਹੀਂ ਛੱਡਿਆ। ਉਸ ਦੀ ਰਿਹਾਈ ਨੂੰ 15 ਦਿਨ ਲੱਗ ਗਏ। ਕੈਨੇਡਾ ਤੇ ਅਮਰੀਕੀ ਅਧਿਕਾਰੀਆਂ ਦੀ ਸਹਿਮਤੀ ਤੋਂ ਬਾਅਦ ਸੇਡੇਲਾ ਛੇ ਜੂਨ ਨੂੰ ਕੈਨੇਡਾ ਵਾਪਸ ਪਰਤ ਆਈ।