ਚੰਡੀਗੜ੍ਹ: ਇੱਥੋਂ ਦੀ ਰਹਿਣ ਵਾਲੀ ਪੂਨਮ ਗਰਹਾ ਰੌਇਲ ਆਸਟ੍ਰੇਲੀਅਨ ਏਅਰਫੋਰਸ ਵਿੱਚ ਸ਼ਾਮਲ ਹੋਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਬਣ ਗਈ ਹੈ। ਉਸ ਨੇ ਕਿਹਾ ਕਿ ਆਸਟ੍ਰੇਲੀਅਨ ਫੌਜ ਵਿੱਚ ਮਹਿਲਾ-ਪੁਰਸ਼ ਵਰਗਾ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ। ਤੁਸੀਂ ਪੜ੍ਹੋ ਤੇ ਸਿਖਲਾਈ ਦੇ ਪੱਧਰ ਪਾਰ ਕਰਦੇ ਜਾਓ, ਤਰੱਕ ਤੁਹਾਡੇ ਰਾਹ ਵਿੱਚ ਹੈ।

ਹਾਲ ਹੀ ਵਿੱਚ ਪੂਨਮ ਨੇ ਰੌਇਲ ਆਸਟ੍ਰੇਲੀਅਨ ਏਅਰਫੋਰਸ ਦੀ ਟਰ੍ਰੇਨਿੰਗ ਮੁਕੰਮਲ ਕੀਤੀ ਹੈ। ਉਹ ਫਲਾਇੰਗ ਨਾਲ ਜੁੜੀਆਂ ਅਹਿਮ ਜ਼ਿੰਮੇਦਾਰੀਆਂ ਨਿਭਾਏਗੀ। ਉਸ ਦਾ ਦਾਅਵਾ ਹੈ ਕਿ ਉਹ ਚੰਡੀਗੜ੍ਹ ਦੀ ਪਹਿਲੀ ਮਹਿਲਾ ਹੈ, ਜਿਸ ਨੇ ਹਵਾਈ ਫੌਜ ਜੁਆਇਨ ਕੀਤੀ ਹੈ। ਇਸ ਤੋਂ ਪਹਿਲਾਂ ਵੀ ਭਾਰਤ ਦੀਆਂ ਕੁਝ ਮਹਿਲਾਵਾਂ ਰੌਇਲ ਆਸਟ੍ਰੇਲੀਅਨ ਏਅਰਫੋਰਸ ਵਿੱਚ ਗਰਾਊਂਡ ਡਿਊਟੀ ’ਤੇ ਤਾਇਨਾਤ ਹਨ। ਪੂਨਮ ਦੀ 15 ਸਾਲ ਦੀ ਧੀ ਨੇ ਵੀ ਕੈਡੇਟ ਵਜੋਂ ਹਵਾਈ ਫੌਜ ਜੁਆਇਨ ਕਰ ਲਈ ਹੈ।

ਪੂਨਮ ਦਾ ਜਨਮ ਚੰਡੀਗੜ੍ਹ ਵਿੱਚ ਹੋਇਆ ਹੈ। ਉਸ ਦੇ ਪਿਤਾ ਹਰਿਆਣਾ ਸਕੱਤਰੇਤ ਵਿੱਚ ਨੌਕਰੀ ਕਰਦੇ ਸਨ। ਪੰਜਾਬ ਯੂਨੀਵਰਸਿਟੀ ਤੋਂ ਫਿਜ਼ਿਕਸ ਐਜੁਕੇਸ਼ਨ ਮਾਸਟਰ ਡਿਗਰੀ ਲੈਣ ਬਾਅਦ ਪਬਲਿਕ ਸਕੂਲ ਵਿੱਚ ਸਪੋਰਟਸ ਟੀਚਰ ਵੀ ਰਹਿ ਚੁੱਕੀ ਹੈ। 2001 ਵਿੱਚ ਉਹ ਗੁਰਦਾਸਪੁਰ ਦੇ ਕੁਲਵੰਤ ਸਿੰਘ ਗਰਹਾ ਨਾਲ ਵਿਆਹ ਕਰਵਾ ਕੇ 2008 ਵਿੱਚ ਆਸਟ੍ਰੇਲੀਆ ਸ਼ਿਫਟ ਹੋ ਗਈ ਸੀ।

ਪਹਿਲਾਂ ਉਹ ਬ੍ਰਿਸਬੇਨ ਏਅਰਪੋਰਟ ’ਤੇ ਏਵੀਏਸ਼ਨ ਪ੍ਰੋਟੈਕਸ਼ਨ ਅਫ਼ਸਰ ਸੀ। ਪਤੀ ਤੇ ਸਹੁਰਾ ਪੰਜਾਬ ਪੁਲਿਸ ਵਿੱਚ ਰਹੇ ਹਨ। ਪਹਿਲਾਂ ਉਹ ਆਪਣੇ ਸਹੁਰੇ ਵਾਂਗ ਪੁਲਿਸ ਦੀ ਸਕਿਉਰਟੀ ਫੋਰਸ ’ਚ ਜਾਣਾ ਚਾਹੁੰਦੀ ਸੀ ਪਰ ਸਫਲ ਨਹੀਂ ਹੋਈ। ਇਸ ਪਿੱਛੋਂ ਉਸ ਨੇ ਆਸਟ੍ਰੇਲੀਅਨ ਏਅਰਫੋਰਸ ਲਈ ਕੋਸ਼ਿਸ਼ ਕੀਤੀ।