ਇਸਲਾਮਾਬਾਦ: ਭਾਰਤ 'ਚ ਸੁਰੱਖਿਆ ਬਲਾਂ ਦੀ ਹਿੱਲਜੁੱਲ ਮਗਰੋਂ ਪਾਕਿਸਤਾਨ ਨੇ ਕ੍ਰਾਈਸਿਸ ਮੈਨੇਜਮੈਂਟ ਸੈੱਲ ਗਠਿਤ ਕਰ ਦਿੱਤੇ ਹਨ ਤਾਂ ਜੋ ਹੰਗਾਮੀ ਹਾਲਾਤ ਨਾਲ ਸਹੀ ਤਰੀਕੇ ਤੇ ਸਮੇਂ ਵਿੱਚ ਨਜਿੱਠਿਆ ਜਾ ਸਕੇ। ਬੀਤੀ 14 ਫਰਵਰੀ ਨੂੰ ਕਸ਼ਮੀਰ ਦੇ ਪੁਲਵਾਮਾ 'ਚ ਸੀਆਰਪੀਐਫ ਦੇ 40 ਜਵਾਨਾਂ ਦੀ ਜਾਨ ਲੈਣ ਵਾਲੇ ਫਿਦਾਈਨ ਹਮਲੇ ਦੀ ਜ਼ਿੰਮੇਵਾਰੀ ਜੈਸ਼-ਏ-ਮੁਹੰਮਦ ਵੱਲੋਂ ਲਏ ਜਾਣ ਮਗਰੋਂ ਦੋਵਾਂ ਮੁਲਕਾਂ 'ਚ ਤਣਾਅ ਬਣਿਆ ਹੋਇਆ ਹੈ।
ਪਾਕਿ ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਸੈੱਲਾਂ ਨੂੰ ਸਰਹੱਦ ਦੇ ਹਾਲਾਤ ਤੋਂ ਲੈ ਕੇ ਕੂਟਨੀਤਕ ਸੰਪਰਕ ਬਣਾਉਣ ਤਕ ਦਾ ਕੰਮ ਦਿੱਤਾ ਜਾਵੇਗਾ। ਪਾਕਿ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਦੱਸਿਆ ਕਿ ਇਹ ਕੇਂਦਰ ਪੂਰਾ ਹਫ਼ਤਾ ਚੱਲਣਗੇ ਤੇ ਇਨ੍ਹਾਂ ਨੂੰ ਕਿਸੇ ਵੀ ਛੁੱਟੀ ਜਾਂ ਕਿਸੇ ਕਿਸਮ ਦੀ ਰੋਕ ਨਹੀਂ ਆਉਣ ਦਿੱਤੀ ਜਾਵੇਗੀ।
ਪੁਲਵਾਮਾ ਹਮਲੇ ਮਗਰੋਂ ਭਾਰਤ ਨੇ ਪਾਕਿ ਨਾਲੋਂ ਰਿਸ਼ਤੇ ਤੋੜ ਲਏ ਹਨ। ਭਾਰਤ ਨੇ ਪਾਕਿਸਤਾਨ ਨਾਲ ਵਪਾਰ ਬੇਹੱਦ ਮੁਸ਼ਕਿਲ ਕਰ ਦਿੱਤਾ ਹੈ ਤੇ ਹੁਣ ਪਾਕਿਸਤਾਨ ਨੂੰ ਵਾਧੂ ਜਾਣ ਵਾਲਾ ਪਾਣੀ ਰੋਕਣ ਦੀ ਚਾਰਾਜੋਈ ਕਰ ਰਿਹਾ ਹੈ। ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਦੇ ਸਿਖਰਲੇ ਲੀਡਰਾਂ ਵੱਲੋਂ ਕੀਤੀ ਤਲਖ਼ਕਲਾਮੀ ਕਾਰਨ ਫ਼ੌਜਾਂ ਨੇ ਵੀ ਕਮਰਕੱਸੇ ਕਰ ਲਏ ਹਨ।