ਰਿਵਰਸਾਈਡ: ਅਮਰੀਕੀ ਜੋੜੇ ਨੇ ਸ਼ੁੱਕਰਵਾਰ ਨੂੰ ਆਖ਼ਰ ਕਬੂਲ ਕਰ ਹੀ ਲਿਆ ਕਿ ਉਹ ਆਪਣੇ ਬੱਚਿਆਂ 'ਤੇ ਤਸ਼ੱਦਦ ਕਰਦੇ ਸਨ ਤੇ ਉਨ੍ਹਾਂ ਨਾਲ ਬੇਰਹਿਮੀ ਵਾਲਾ ਵਤੀਰਾ ਕਰਦੇ ਸਨ। ਦੋਵਾਂ ਨੇ ਆਪਣੇ 13 ਬੱਚਿਆਂ ਵਿੱਚੋਂ ਕਈਆਂ ਨੂੰ ਮੰਜਿਆਂ ਨਾਲ ਨੂੜ ਕੇ ਰੱਖਿਆ ਸੀ ਤੇ ਉਨ੍ਹਾਂ ਨੂੰ ਕੁਝ ਖਾਣ ਨੂੰ ਵੀ ਨਹੀਂ ਦਿੰਦੇ ਸਨ। ਇਸ ਮਾਮਲੇ ਨੂੰ ਲੋਕ ‘House of horrors’ ਯਾਨੀ ਕਿ ਡਰਾਉਣਾ ਘਰ ਕਹਿ ਕੇ ਬੁਲਾ ਰਹੇ ਹਨ।
ਡੇਵਿਡ ਤੇ ਲੁਇਸ ਟਰਪਿਨ ਨੇ ਰਿਵਰਸਾਈਡ ਕਾਊਂਟੀ ਸੁਪਰੀਮ ਕੋਰਟ ਵਿੱਚ ਆਪਣੀ ਗ਼ਲਤੀ ਵੀ ਮੰਨ ਲਈ ਹੈ। ਦੋਵਾਂ ਨੂੰ ਜਨਵਰੀ 2018 ਵਿੱਚ ਉਦੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦ ਦੱਖਣੀ ਲਾਸ ਏਂਜਲਸ ਦੇ ਪੇਰਰਿਸ ਇਲਾਕੇ ਵਿੱਚ ਬਣੇ ਘਰੋਂ ਉਨ੍ਹਾਂ ਦੀ 17 ਸਾਲਾ ਧੀ ਕਿਸੇ ਤਰ੍ਹਾਂ ਭੱਜਣ ਵਿੱਚ ਸਫ਼ਲ ਰਹੀ ਸੀ। ਉਸ ਨੇ ਪੁਲਿਸ ਨੂੰ ਫ਼ੋਨ ਕਰਕੇ ਆਪਣੀ ਹਾਲਤ ਦੱਸੀ ਤੇ ਆਪਣੇ ਭੈਣ ਭਰਾਵਾਂ ਨੂੰ ਵੀ ਬਚਾਇਆ।
ਗ੍ਰਿਫ਼ਤਾਰੀ ਸਮੇਂ ਜੋੜੇ 13 ਬੱਚਿਆਂ ਦੀ ਉਮਰ ਦੋ ਸਾਲ ਤੋਂ ਲੈਕੇ 29 ਸਾਲ ਦਰਮਿਆਨ ਸੀ। ਇਹ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਚੁੱਕੇ ਸਨ ਤੇ ਇਨ੍ਹਾਂ ਦਾ ਭਾਰ ਵੀ ਕਾਫੀ ਘੱਟ ਹੋ ਗਿਆ ਸੀ। ਸਾਰੇ ਮਹੀਨਿਆਂ ਤੋਂ ਨ੍ਹਾਤੇ ਨਹੀਂ ਸਨ। ਉਨ੍ਹਾਂ ਦਾ ਪੂਰਾ ਘਰ ਮਨੁੱਖੀ ਮਲ-ਮੂਤਰ ਨਾਲ ਭਰਿਆ ਪਿਆ ਸੀ।
ਜਾਂਚਕਰਤਾਵਾਂ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਨੂੰ ਕੁੱਟਿਆ ਵੀ ਜਾਂਦਾ ਸੀ ਤੇ ਪਿੰਜਰਿਆਂ ਵਿੱਚ ਬੰਦ ਰੱਖਿਆ ਜਾਂਦਾ ਸੀ। ਦੱਖਣੀ ਕੈਲੇਫੋਰਨੀਆ ਜ਼ਿਲ੍ਹਾ ਅਟਾਰਨੀ ਇਸ ਮਾਮਲੇ ਦੀ ਸੁਣਵਾਈ ਕਰ ਰਿਹਾ ਹੈ। ਪਤੀ-ਪਤਨੀ ਆਪਣੀਆਂ ਗ਼ਲਤੀਆਂ ਮੰਨੀਆਂ ਹਨ, ਹੁਣ ਅਦਾਲਤ ਉਨ੍ਹਾਂ 'ਤੇ ਫੈਸਲਾ ਲਵੇਗੀ।