ਵਾਸ਼ਿੰਗਟਨ: 3 ਨਵੰਬਰ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਡੋਨਾਲਡ ਟਰੰਪ ਤੇ ਜੋਅ ਬਿਡੇਨ ਵਿਚਾਲੇ ਪਹਿਲੀ ਬਹਿਸ ਹੋਈ। ਰਾਸ਼ਟਰਪਤੀ ਦੀ ਬਹਿਸ ਵਿੱਚ ਦੋਵੇਂ ਉਮੀਦਵਾਰਾਂ ਨੂੰ ਵਿਸ਼ੇਸ਼ ਮੁੱਦਿਆਂ 'ਤੇ ਆਪਣੇ ਵਿਚਾਰ ਪੇਸ਼ ਕਰਨੇ ਪੈਂਦੇ ਹਨ। ਪਹਿਲਾਂ, ਦੋਵੇਂ ਉਮੀਦਵਾਰ ਆਪਣਾ ਪੱਖ ਪੇਸ਼ ਕਰਦੇ ਹਨ ਤੇ ਫਿਰ ਇੱਕ-ਦੂਜੇ ਦੀਆਂ ਦਲੀਲਾਂ ਨੂੰ ਕੱਟਦੇ ਹਨ। ਇਸ ਵਿੱਚ ਉਮੀਦਵਾਰ ਦੀ ਕਮਜ਼ੋਰੀ ਤੇ ਤਾਕਤ ਜ਼ਾਹਰ ਹੁੰਦੀ ਹੈ। ਇਸ ਸਾਰੀ ਬਹਿਸ ਦਾ ਸਿੱਧਾ ਪ੍ਰਸਾਰਣ ਟੈਲੀਵਿਜ਼ਨ 'ਤੇ ਹੁੰਦਾ ਹੈ।

ਬਹਿਸਾਂ ਦਾ ਸਿੱਧਾ ਅਸਰ ਵੋਟਰਾਂ 'ਤੇ ਪੈਂਦਾ ਹੈ ਜੋ ਇਹ ਫੈਸਲਾ ਨਹੀਂ ਕਰ ਸਕਦੇ ਕਿ ਕਿਸ ਨੂੰ ਵੋਟ ਪਾਉਣੀ ਹੈ। ਅਜਿਹੀ ਸਥਿਤੀ ਵਿੱਚ, ਦੋਵੇਂ ਉਮੀਦਵਾਰ ਕੀ ਕਹਿੰਦੇ ਹਨ, ਉਹ ਕਿਵੇਂ ਦਿਖਦੇ ਹਨ, ਉਹ ਸਕ੍ਰੀਨ ਉੱਤੇ ਕਿੰਨੇ ਸਰਗਰਮ ਹਨ ਤੇ ਵੱਡੇ ਮੁੱਦਿਆਂ ਉੱਤੇ ਉਨ੍ਹਾਂ ਦੀ ਕੀ ਰਾਏ ਹੈ, ਉਨ੍ਹਾਂ ਦੀ ਨੀਤੀ ਕੀ ਹੈ, ਇਨ੍ਹਾਂ ਸਾਰਿਆਂ ਗੱਲਾਂ ‘ਤੇ ਨਜ਼ਰ ਰੱਖੀ ਜਾਂਦੀ ਹੈ।

ਰਾਸ਼ਟਰਪਤੀ ਦੇ ਬਹਿਸ ਦਾ ਇਤਿਹਾਸ
ਬਹਿਸ ਦੀ ਸ਼ੁਰੂਆਤ 26 ਸਤੰਬਰ 1960 ਨੂੰ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਹੋਈ ਸੀ। ਫਿਰ ਜੌਨ ਐਫ ਕੈਨੇਡੀ ਤੇ ਰਿਚਰਡ ਨਿਕਸਨ ਵਿਚਕਾਰ ਬਹਿਸ ਹੋਈ। 16 ਸਾਲ ਬਾਅਦ, 1976 ਤੋਂ ਰਾਸ਼ਟਰਪਤੀ ਦੀਆਂ ਚੋਣਾਂ ਦੀ ਅਮਰੀਕਾ ਵਿੱਚ ਬਹਿਸ ਹੋਣ ਲੱਗੀ। ਫਿਰ ਗੈਰੋਲਡ ਫੋਰਡ ਤੇ ਜਿੰਮੀ ਕਾਰਟਰ ਵਿਚਾਲੇ ਇੱਕ ਬਹਿਸ ਹੋਈ, ਜਿਸ ਤੋਂ ਬਾਅਦ ਅਮਰੀਕਾ ਵਿੱਚ ਹਵਾ ਬਦਲ ਗਈ ਤੇ ਕਾਰਟਰ ਨੇ ਲੀਡ ਲੈ ਲਈ।

ਰਵਾਇਤ ਅਨੁਸਾਰ, ਰਾਸ਼ਟਰਪਤੀ ਦੇ ਉਮੀਦਵਾਰਾਂ ਵਿਚਕਾਰ ਤਿੰਨ ਬਹਿਸ ਹੁੰਦੀਆਂ ਹਨ ਤੇ ਇੱਕ ਬਹਿਸ ਉਪ-ਰਾਸ਼ਟਰਪਤੀ ਦੇ ਉਮੀਦਵਾਰਾਂ ਵਿਚਕਾਰ ਹੁੰਦੀ ਹੈ। ਸ਼ੁਰੂ ਵਿਚ, ਇਹ ਬਹਿਸ ਦੋਵਾਂ ਧਿਰਾਂ ਵਿੱਚ ਹੋਏ ਸਮਝੌਤੇ 'ਤੇ ਅਧਾਰਤ ਹੁੰਦੀ ਸੀ। ਪਰ 90ਵੇਂ ਦਹਾਕੇ ਦੇ ਦੌਰਾਨ, 'ਰਾਸ਼ਟਰਪਤੀ ਬਹਿਸਾਂ ਬਾਰੇ ਕਮਿਸ਼ਨ' (ਸੀਬੀਡੀ) ਬਣਾਇਆ ਗਿਆ ਸੀ ਜੋ ਇਸ ਬਹਿਸ ਦਾ ਸੰਚਾਲਨ ਕਰਦਾ ਹੈ। ਰਾਸ਼ਟਰਪਤੀ ਦੀ ਬਹਿਸ ਬਿਨਾਂ ਕਿਸੇ ਵਪਾਰਕ ਬਰੇਕ ਦੇ 90 ਮਿੰਟ ਦੀ ਹੁੰਦੀ ਹੈ। ਹਰ ਮੁੱਦੇ 'ਤੇ ਬਹਿਸ ਲਈ 15 ਮਿੰਟ ਦਿੱਤੇ ਜਾਂਦੇ ਹਨ। ਦੋਵਾਂ ਉਮੀਦਵਾਰਾਂ ਨੂੰ ਹਰੇਕ ਪ੍ਰਸ਼ਨ ਦੇ ਜਵਾਬ ਲਈ 2 ਮਿੰਟ ਦਿੱਤੇ ਜਾਂਦੇ ਹਨ।

ਇਸ ਵਾਰ ਰਾਸ਼ਟਰਪਤੀ ਦੀ ਬਹਿਸ ਕੋਰੋਨਾ ਮਹਾਮਾਰੀ ਕਾਰਨ ਬਹੁਤ ਵੱਖਰੀ ਹੈ। ਆਪਣੀ ਪਹਿਲੀ ਬਹਿਸ ਵਿੱਚ, ਟਰੰਪ ਅਤੇ ਬਿਡੇਨ ਨੇ ਇੱਕ ਦੂਜੇ ਨਾਲ ਹੱਥ ਵੀ ਨਹੀਂ ਮਿਲਾਇਆ।