ਵਾਸ਼ਿੰਗਟਨ: ਅਮਰੀਕੀ ਸੂਬੇ ਕੁਨੈਕਟੀਕਟ ਦੇ ਇੱਕ ਬਾਜ਼ਾਰ ਤੋਂ ਸਿਰਫ਼ 35 ਡਾਲਰ ’ਚ ਖ਼ਰੀਦਿਆ ਇੱਕ ਕਟੋਰਾ ਹੁਣ ਤਿੰਨ ਤੋਂ ਪੰਜ ਲੱਖ ਡਾਲਰ ਤੱਕ ਕੀਮਤ ਦਾ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਟੋਰਾ 15ਵੀਂ ਸਦੀ ਦੀ ਦੁਰਲੱਭ ਚੀਨੀ ਕਲਾ ਦਾ ਨਮੂਨਾ ਹੈ। ਚੀਨੀ ਮਿੱਟੀ ਦੇ ਬਣੇ ਹੋਏ ਸਫ਼ੇਦ ਰੰਗ ਦੇ ਕਟੋਰੇ ਉੱਤੇ ਸਭ ਤੋਂ ਪਹਿਲਾਂ ਦੁਰਲੱਭ ਸਮੱਗਰੀਆਂ ਦੇ ਇੱਕ ਸ਼ੌਕੀਨ ਦੀ ਨਜ਼ਰ ਪਈ ਸੀ। ਫਿਰ ਮਾਹਿਰਾਂ ਨਾਲ ਸੰਪਰਕ ਕੀਤਾ ਗਿਆ।


ਪੂਰੀ ਦੁਨੀਆ ਵਿੱਚ ਅਜਿਹੇ ਸਿਰਫ਼ 7 ਕਟੋਰੇ ਹੀ ਰਹਿ ਗਏ ਹਨ ਤੇ ਇਹ ਉਨ੍ਹਾਂ ਵਿੱਚੋਂ ਇੱਕ ਹੈ। ਬਾਕੀ ਦੇ ਛੇ ਕਟੋਰੇ ਅਜਾਇਬਘਰਾਂ ਦੀ ਸ਼ੋਭਾ ਵਧਾ ਰਹੇ ਹਨ। ਚੀਨੀ ਮਿੱਟੀ ਦੀਆਂ ਬਣੀਆਂ ਪ੍ਰਾਚੀਨ ਵਸਤਾਂ ਦੇ ਮਾਹਿਰ ਐਂਜਲਾ ਮੈਕਾਟਰ ਨੇ ਐਸੋਸੀਏਟਡ ਪ੍ਰੈੱਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਛੇਤੀ ਅਹਿਸਾਸ ਹੋ ਗਿਆ ਸੀ ਕਿ ਅਸੀਂ ਬਹੁਤ ਖ਼ਾਸ ਵਰਤੂ ਦਾ ਪ੍ਰੀਖਣ ਕਰ ਰਹੇ ਹਾਂ। ਕਟੋਰੇ ਉੱਤੇ ਕੀਤੀ ਗਈ ਪੇਂਟਿੰਗ ਦਾ ਅੰਦਾਜ਼, ਕਟੋਰੇ ਦੀ ਸ਼ਸਕਲ, ਗੋਲਾਈ ਤੇ ਨੀਲੇ ਰੰਗ ਦੀ ਪੇਂਟਿੰਗ ਉਸ ਨੂੰ ਆਮ ਕਟੋਰੇ ਤੋਂ ਵੱਖ ਕਰਦੀ ਹੈ।


ਮਾਹਿਰਾਂ ਮੁਤਾਬਕ 15ਵੀਂ ਸਦੀ ਦੇ ਸ਼ੁਰੂਆਤੀ ਦੌਰ ਵਿੱਚ ਤਿਆਰ ਮਿੱਟੀ ਦੇ ਬਰਤਨਾਂ ਦੀ ਇਹ ਇੱਕ ਅਹਿਮ ਵਿਸ਼ੇਸ਼ਤਾ ਹੈ। ਛੇ ਇੰਚ ਚੌੜੇ ਕਟੋਰੇ ’ਚ ਕੋਬਾਲਟ ਧਾਤ ਦੀ ਵਰਤੋਂ ਕੀਤੀ ਗਈ ਹੈ ਤੇ ਉਸ ਦੇ ਕਿਨਾਰਿਆਂ ਉੱਤੇ ਬਹੁਤ ਜਟਿਲ ਕਿਸਮ ਦੀਆਂ ਬਾਰੀਕ ਸ਼ਕਲਾਂ ਬਣਾਈਆਂ ਗਈਆਂ ਹਨ।