ਪੇਇਚਿੰਗ: ਚੀਨ ’ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ; ਜਿਸ ਵਿੱਚ ਪਤਨੀ ਤਲਾਕ ਤਾਂ ਨਹੀਂ ਚਾਹੁੰਦੀ ਪਰ ਜਦੋਂ ਉਸ ਦੇ ਪਤੀ ਨੇ ਤਲਾਕ ਲਈ ਜ਼ੋਰ ਪਾਇਆ, ਤਾਂ ਉਸ ਨੇ ਪੰਜ ਸਾਲਾਂ ਲਈ ਘਰ ਵਿੱਚ ਕੀਤੇ ਗਏ ਕੰਮ ਲਈ ਮੁਆਵਜ਼ਾ ਮੰਗਿਆ। ਅਦਾਲਤ ਨੇ ਔਰਤ ਦੇ ਹੱਕ ਵਿੱਚ ਫ਼ੈਸਲਾ ਸੁਣਾ ਦਿੱਤਾ ਹੈ। ਅਦਾਲਤ ਦੇ ਇਸ ਫ਼ੈਸਲੇ ਨੂੰ ਹਾਂਪੱਖੀ ਕਦਮ ਵਜੋਂ ਵੇਖਿਆ ਜਾ ਰਿਹਾ ਹੈ।
ਕੁਝ ਲੋਕਾਂ ਨੂੰ ਲੱਗਿਆ ਕਿ ਮੁਆਵਜ਼ੇ ਵਜੋਂ ਦਿੱਤਾ ਗਿਆ ਪੈਸਾ ਬਹੁਤ ਘੱਟ ਸੀ। ਅਦਾਲਤ ਨੇ ਪਤੀ ਨੂੰ ਆਪਣੇ ਫ਼ੈਸਲੇ ਰਾਹੀਂ ਹੁਕਮ ਦਿੱਤਾ ਹੈ ਕਿ ਉਹ ਪਤਨੀ ਨੂੰ 7,000 ਡਾਲਰ ਮੁਆਵਜ਼ਾ ਦੇਵੇ। ਅਦਾਲਤ ਨੇ ਕਿਹਾ ਕਿ ਔਰਤ ਨੇ ਹੁਣ ਤੱਕ ਬਿਨਾ ਪੈਸੇ ਲਿਆਂ ਘਰ ਦਾ ਪੂਰਾ ਕੰਮ ਕੀਤਾ ਹੈ। ਇਸੇ ਲਈ ਆਦਮੀ ਨੂੰ ਆਪਣੀ ਪਤਨੀ ਨੁੰ ਮੁਆਵਜ਼ਾ ਦੇਣਾ ਹੋਵੇਗਾ।
ਇਸ ਮਾਮਲੇ ਨੂੰ ਲੈ ਕੇ ਚੀਨ ਵਿੱਚ ਆਨਲਾਈਨ ਬਹਿਸ ਵੀ ਛਿੜੀ ਹੋਈ ਹੈ। ਕੁਝ ਲੋਕਾਂ ਦਾ ਕਹਿਣਾ ਸੀ ਕਿ ਅਦਾਲਤ ਦਾ ਫ਼ੈਸਲਾ ਸਹੀ ਦਿਸ਼ਾ ਵਿੱਚ ਹੈ ਪਰ ਮੁਆਵਜ਼ਾ ਓਨਾ ਨਹੀਂ ਦਿੱਤਾ ਗਿਆ, ਜਿਸ ਦੀ ਉਹ ਹੱਕਦਾਰ ਹੈ।
ਅਦਾਲਤ ’ਚ ਆਪਣੀ ਦਲੀਲ ਰੱਖਦਿਆਂ ਪਤਨੀ ਨੇ ਕਿਹਾ ਕਿ ਉਸ ਨੇ ਘਰ ਵਿੱਚ ਸਾਰੇ ਕੰਮ ਕੀਤੇ ਹਨ ਤੇ ਆਪਣੇ ਪੁੱਤਰ ਦੀ ਦੇਖਭਾਲ ਵੀ ਕੀਤੀ ਹੈ। ਚੀਨ ਦੇ ਨਵੇਂ ਕਾਨੂੰਨ ਅਨੁਸਾਰ ਔਰਤ ਨੂੰ ਬੱਚਿਆਂ, ਬਜ਼ੁਰਗਾਂ ਤੇ ਰਿਸ਼ਤੇਦਾਰਾਂ ਦੀ ਦੇਖਭਾਲ ਕਰਨ, ਘਰ ਦਾ ਸਾਰਾ ਕੰਮ ਕਰਨ ਲਈ ਮੁਆਵਜ਼ਾ ਦੇਣ ਦੀ ਗੱਲ ਕੀਤੀ ਗਈ ਹੈ।