ਟੈਕਸ ਚੋਰਾਂ ’ਤੇ ਚੀਨ ਦਾ ਸ਼ਿਕੰਜਾ, ਟੈਕਸ ਭਰੇ ਬਿਨਾ ਦੇਸ਼ ਤੋਂ ਬਾਹਰ ਨਹੀਂ ਜਾ ਸਕਣਗੇ ਕਾਰੋਬਾਰੀ
ਏਬੀਪੀ ਸਾਂਝਾ | 01 Jan 2019 05:50 PM (IST)
ਚੰਡੀਗੜ੍ਹ: ਨਵੇਂ ਸਾਲ ਦੀ ਸ਼ੁਰੂਆਤ ਤੋਂ ਚੀਨ ਦੀ ਟੈਕਸ ਕਲੈਕਸ਼ਨ ਅਥਾਰਿਟੀ ਨੇ ਨਵਾਂ ਨਿਯਮ ਬਣਾਇਆ ਹੈ। ਇਸ ਤਹਿਤ ਕਿਸੇ ਵੀ ਕਾਰੋਬਾਰੀ, ਕੰਪਨੀ ਜਾਂ ਵਿਅਕਤੀ, ਜਿਸ 'ਤੇ ਕਿਸੇ ਵੀ ਤਰ੍ਹਾਂ ਦਾ ਟੈਕਸ ਬਕਾਇਆ ਹੈ, ਉਹ ਦੇਸ਼ ਛੱਡ ਕੇ ਨਹੀਂ ਜਾ ਸਕੇਗਾ। ਹਾਲਾਂਕਿ ਇਸ ਪ੍ਰਸਤਾਵ ’ਤੇ ਅਮਰੀਕਾ ਤੇ ਹੌਂਗਕੌਂਗ ਨੇ ਇਤਰਾਜ਼ ਜਤਾਇਆ ਹੈ। ਸ਼ੁਰੂਆਤ ’ਚ ਨਵੇਂ ਨਿਯਮ ਦੇ ਦਾਇਰੇ ਵਿੱਚ ਅਜਿਹੇ ਕਾਰੋਬਾਰੀ, ਕੰਪਨੀਆਂ ਤੇ ਨੌਕਰੀਪੇਸ਼ਾ ਲੋਕ ਆਉਣਗੇ, ਜਿਨ੍ਹਾਂ ’ਤੇ ਇੱਕ ਲੱਖ ਯੁਆਨ ਦਾ ਟੈਕਸ ਬਕਾਇਆ ਹੈ। ਟੈਕਸ ਅਥਾਰਿਟੀ ਅਜਿਹੇ ਲੋਕਾਂ ਦੇ ਆਈ ਕਾਰਡ, ਬੈਂਕ ਅਕਾਊਂਟ ਨੰਬਰ ਤੇ ਪਾਸਪੋਰਟ ਡਿਟੇਲਸ ਸਬੰਧੀ ਸਾਰੀ ਜਾਣਕਾਰੀ ਨੂੰ ਬਲੈਕ ਲਿਸਟ ਡਾਟਾਬੇਸ ’ਚ ਪਾ ਦੇਵੇਗੀ। ਇਸ ਡਾਟਾਬੇਸ ਨੂੰ ਪੁਲਿਸ, ਬੈਂਕ, ਇਮੀਗ੍ਰੇਸ਼ਨ, ਪਾਸਪੋਰਟ, ਏਅਰਪੋਰਟ ਤੇ ਸੀ-ਪੋਰਟ ਜਿਹੇ ਵਿਭਾਗਾਂ ਨਾਲ ਵੀ ਸਾਂਝਾ ਕੀਤਾ ਜਾਵੇਗਾ। ਨਵੇਂ ਕਾਨੂੰਨ ਤਹਿਤ ਜੇ ਕੋਈ ਵੀ ਵਿਦੇਸ਼ੀ ਨਾਗਰਕ ਆਪਣੇ ਕਾਰੋਬਾਰ ਜਾਂ ਨੌਕਰੀ ਦੇ ਸਿਲਸਿਲੇ ਵਿੱਚ ਚੀਨ ’ਚ 183 ਦਿਨਾਂ ਤੋਂ ਜ਼ਿਆਦਾ ਠਹਿਰਦਾ ਹੈ ਤਾਂ ਉਸ ਦੀ ਪੂਰੀ ਕਮਾਈ ਟੈਕਸ ਦੇ ਦਾਇਰੇ ਵਿੱਚ ਆਵੇਗੀ। ਚੀਨ 'ਚ 138 ਕਰੋੜ ਦੀ ਆਬਾਦੀ ਹੈ। ਇਨ੍ਹਾਂ ਵਿੱਚੋਂ ਸਿਰਫ਼ 2.8 ਕਰੋੜ ਲੋਕ ਟੈਕਸ ਅਦਾ ਕਰਦੇ ਹਨ। ਹੁਣ ਆਮਦਨ ਕਰ ਵਿਭਾਗ ਸਰਕਾਰੀ ਆਮਦਨ ਵਧਾਉਣ ਲਈ ਟੈਕਸ ਦਰਾਂ ਵਧਾਉਣ ਦੀ ਬਜਾਏ ਟੈਕਸ ਕੁਲੈਕਸ਼ਨ ਵਧਾਉਣ ਵੱਲ ਜ਼ਿਆਦਾ ਜ਼ੋਰ ਦੇ ਰਿਹਾ ਹੈ।