ਬੀਜਿੰਗ: ਚੀਨ ਨੇ ਤਾਲਿਬਾਨ ਦੇ ਨੇਤਾ ਮੁੱਲਾ ਅਬਦੁਲ ਗਨੀ ਬਰਾਦਰ ਨਾਲ ਬੁੱਧਵਾਰ ਨੂੰ ਮੁਲਾਕਾਤ ਕੀਤੀ ਅਤੇ ਕੱਟੜਪੰਥੀ ਸਮੂਹ ਦੀ ਸ਼ਲਾਘਾ ਕਰਦਿਆਂ ਉਸ ਨੂੰ ਅਫ਼ਗਾਨਿਸਤਾਨ ਵਿੱਚ 'ਅਹਿਮ ਹਥਿਆਰਬੰਦ ਤੇ ਸਿਆਸੀ ਤਾਕਤ' ਦੱਸਿਆ। ਇਸ ਦੇ ਨਾਲ ਹੀ ਚੀਨ ਨੇ ਤਾਲਿਬਾਨ ਨੂੰ ਸਾਰੀਆਂ ਅੱਤਵਾਦੀ ਜਥੇਬੰਦੀਆਂ ਨਾਲੋਂ ਨਾਤਾ ਤੋੜਨ ਲਈ ਕਿਹਾ, ਖ਼ਾਸ ਤੌਰ 'ਤੇ ਸ਼ਿਨਜਿਆਂਗ ਦੇ ਓਇਗਰ ਮੁਸਲਿਮ ਕੱਟੜਪੰਥੀ ਸਮੂਹ ਈਸਟ ਤੁਰਕਿਸਤਾਨ ਇਸਲਾਮਿਕ ਮੂਵਮੈਂਟ (ਈਟੀਆਈਐਮ) ਨਾਲੋਂ ਸੰਪਰਕ ਤੋੜਨ ਲਈ ਆਖਿਆ।


ਈਟੀਆਈਐਮ ਦੇ ਪੁਨਰਗਠਨ ਹੋਣ ਦੀ ਚਿੰਤਾ ਦਰਮਿਆਨ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਤਿਆਂਜਿਨ ਵਿੱਚ ਮੁੱਲਾ ਬਰਾਦਰ ਨਾਲ ਮੁਲਾਕਾਤ ਕੀਤੀ। ਚੀਨ ਮੰਨਦਾ ਹੈ ਕਿ ਸ਼ਿਨਜਿਆਂਗ ਸੂਬੇ ਤੇ ਦੇਸ਼ ਦੇ ਹੋਰਨਾਂ ਇਲਾਕਿਆਂ ਵਿੱਚ ਹੋਣ ਵਾਲੇ ਹਿੰਸਕ ਹਮਲਿਆਂ ਪਿੱਛੇ ਈਟੀਆਈਐਮ ਦਾ ਹੱਥ ਹੈ। ਮੁਲਾਕਾਤ ਦੌਰਾਨ ਯੀ ਨੇ ਬਰਾਦਰ ਨੂੰ ਸਕਾਰਾਤਮਕ ਛਵੀ ਬਣਾਉਣ ਤੇ ਮੌਜੂਦਾ ਹਾਲਾਤ ਵਿੱਚ ਅਜਿਹੇ ਸਿਆਸੀ ਢਾਂਚਾ ਕਾਇਮ ਕਰਨ ਦੀ ਅਪੀਲ ਕੀਤੀ ਜੋ ਅਫ਼ਗਾਨਿਸਤਾਨ ਦੇ ਕੌਮੀ ਹਿੱਤਾਂ ਦੀ ਰਾਖੀ ਕਰਨ ਦੇ ਅਨੁਕੂਲ ਹੋਵੇ।


ਮੁੱਲਾ ਅਬਦੁਲ ਗਨੀ ਬਰਾਦਰ ਦੀ ਅਗਵਾਈ ਵਿੱਚ ਤਾਲਿਬਾਨ ਦਾ ਵਫ਼ਦ ਬੁੱਧਵਾਰ ਨੂੰ ਅਚਾਨਕ ਚੀਨ ਦੌਰੇ 'ਤੇ ਪਹੁੰਚਿਆ ਅਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਤਾਲਿਬਾਨ ਨੇ ਬੀਜਿੰਗ ਨੂੰ ਭਰੋਸੇਮੰਦ ਦੋਸਤ ਦੱਸਿਆ ਅਤੇ ਯਕੀਨ ਦਿਵਾਇਆ ਕਿ ਉਹ ਅਫ਼ਗਾਨਿਸਤਾਨ ਦੀ ਜ਼ਮੀਨ ਦੀ ਵਰਤੋਂ ਕਿਸੇ ਹੋਰ ਨੂੰ ਕਰਨ ਦੀ ਆਗਿਆ ਦੇਣਗੇ।


ਦੱਸਣਾ ਬਣਦਾ ਹੈ ਕਿ ਅਫ਼ਗਾਨਿਸਤਾਨ ਵਿੱਚੋਂ ਅਮਰੀਕੀ ਅਤੇ ਨਾਟੋ ਫ਼ੌਜਾਂ ਦੀ ਵਾਪਸੀ ਦਰਮਿਆਨ ਤਾਲਿਬਾਨ ਤੇ ਚੀਨ ਦੀ ਇਹ ਪਹਿਲੀ ਬੈਠਕ ਹੈ। ਤਾਲਿਬਾਨ ਨੇ ਸਰਕਾਰੀ ਬਲਾਂ ਦੇ ਕਬਜ਼ੇ ਵਾਲੇ ਜ਼ਿਆਦਾਤਰ ਖਿੱਤੇ 'ਤੇ ਆਪਣਾ ਕਬਜ਼ਾ ਕਰ ਲਿਆ ਹੈ। ਚੀਨ ਇਸ ਗੱਲ 'ਤੇ ਚਿੰਤਤ ਹੈ ਕਿ ਦੇਸ਼ ਦੇ ਗੜਬੜੀ ਵਾਲੇ ਸੂਬੇ ਸ਼ਿਨਜਿਆਂਗ ਦੇ ਓਇਗਰ ਅੱਤਵਾਦੀ ਸਮੂਹ, ਈਟੀਆਈਐਮ ਆਦਿ ਅਫ਼ਗਾਨੀ ਸਰਹੱਦ ਤੋਂ ਉਸ ਦੇ ਦੇਸ਼ ਵਿੱਚ ਘੁਸਪੈਠ ਕਰ ਸਕਦੇ ਹਨ।