US-China Relations: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਮੈਕਸੀਕੋ ਤੇ ਕੈਨੇਡਾ ਤੋਂ ਆਯਾਤ 'ਤੇ ਲਗਾਇਆ ਗਿਆ ਨਵਾਂ 25% ਟੈਰਿਫ ਮੰਗਲਵਾਰ ਤੋਂ ਲਾਗੂ ਹੋ ਗਿਆ ਹੈ। ਇਸ ਦੇ ਨਾਲ ਹੀ ਚੀਨੀ ਸਾਮਾਨ 'ਤੇ ਡਿਊਟੀ ਦੁੱਗਣੀ ਕਰਕੇ 20% ਕਰ ਦਿੱਤੀ ਗਈ। ਇਸ ਨਾਲ ਅਮਰੀਕਾ ਤੇ ਇਨ੍ਹਾਂ ਤਿੰਨਾਂ ਵਪਾਰਕ ਭਾਈਵਾਲਾਂ ਵਿਚਕਾਰ ਨਵੇਂ ਵਪਾਰਕ ਟਕਰਾਅ ਸ਼ੁਰੂ ਹੋ ਗਏ।

ਟੈਰਿਫ ਲਾਗੂ ਹੋਣ ਤੋਂ ਕੁਝ ਘੰਟੇ ਪਹਿਲਾਂ, ਟਰੰਪ ਨੇ ਕਿਹਾ ਕਿ ਤਿੰਨੋਂ ਦੇਸ਼ ਅਮਰੀਕਾ ਵਿੱਚ ਘਾਤਕ ਫੈਂਟਾਨਿਲ ਓਪੀਔਡਜ਼ ਤੇ ਹੋਰ ਨਸ਼ਿਆਂ ਦੇ ਪ੍ਰਵਾਹ ਨੂੰ ਰੋਕਣ ਲਈ ਕਾਫ਼ੀ ਕੁਝ ਕਰਨ ਵਿੱਚ ਅਸਫਲ ਰਹੇ ਹਨ। ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਚੀਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜੇ ਅਮਰੀਕਾ ਟੈਰਿਫ ਯੁੱਧ ਜਾਂ ਕਿਸੇ ਵੀ ਤਰ੍ਹਾਂ ਦਾ ਟਕਰਾਅ ਚਾਹੁੰਦਾ ਹੈ, ਤਾਂ ਚੀਨ ਅੰਤ ਤੱਕ ਲੜਨ ਲਈ ਤਿਆਰ ਹੈ।

ਡੋਨਾਲਡ ਟਰੰਪ ਦੇ ਇਸ ਫੈਸਲੇ 'ਤੇ ਚੀਨ ਵਿੱਚ ਅਮਰੀਕੀ ਦੂਤਾਵਾਸ ਨੇ ਸੋਸ਼ਲ ਮੀਡੀਆ 'ਤੇ ਲਿਖਿਆ, 'ਜੇ ਅਮਰੀਕਾ ਜੰਗ ਚਾਹੁੰਦਾ ਹੈ, ਭਾਵੇਂ ਉਹ ਟੈਰਿਫ ਜੰਗ ਹੋਵੇ, ਵਪਾਰ ਜੰਗ ਹੋਵੇ ਜਾਂ ਕਿਸੇ ਹੋਰ ਕਿਸਮ ਦੀ ਜੰਗ, "ਅਸੀਂ ਅੰਤ ਤੱਕ ਲੜਨ ਲਈ ਤਿਆਰ ਹਾਂ"। ਇਸ ਦੇ ਨਾਲ ਹੀ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਨਿਸ਼ਾਨਾ ਸਾਧਦੇ ਹੋਏ ਲਿਖਿਆ, "ਚੀਨ ਨੂੰ ਧਮਕੀਆਂ ਦੇਣ ਨਾਲ ਕੰਮ ਨਹੀਂ ਚੱਲੇਗਾ।" ਅਮਰੀਕਾ ਲਈ ਟੈਰਿਫ 'ਤੇ ਚੀਨ ਦੇ ਜਵਾਬੀ ਹਮਲੇ ਨੂੰ ਸਹਿਣਾ ਆਸਾਨ ਨਹੀਂ ਹੋਵੇਗਾ ਤੇ ਮਾਹਰ ਇਹ ਸਵਾਲ ਉਠਾ ਰਹੇ ਹਨ ਕਿ, ਕੀ ਅਮਰੀਕੀ ਜਨਤਾ ਕੀਮਤਾਂ ਵਿੱਚ ਭਾਰੀ ਵਾਧੇ ਨੂੰ ਸਹਿਣ ਲਈ ਤਿਆਰ ਹੈ ?

ਇਹ ਧਿਆਨ ਦੇਣ ਯੋਗ ਹੈ ਕਿ ਚੀਨ ਨੇ 10 ਮਾਰਚ ਤੋਂ ਕੁਝ ਅਮਰੀਕੀ ਆਯਾਤ 'ਤੇ 10%-15% ਦੇ ਵਾਧੂ ਟੈਰਿਫ ਲਗਾ ਕੇ ਤੇ ਨਾਮਜ਼ਦ ਅਮਰੀਕੀ ਸੰਸਥਾਵਾਂ 'ਤੇ ਕੁਝ ਨਵੀਆਂ ਨਿਰਯਾਤ ਪਾਬੰਦੀਆਂ ਦਾ ਐਲਾਨ ਕਰਕੇ ਜਵਾਬੀ ਕਾਰਵਾਈ ਕੀਤੀ।

ਫੈਂਟਾਨਿਲ ਸੰਕਟ ਨੂੰ ਲੈ ਕੇ ਅਮਰੀਕਾ 'ਤੇ ਨਿਸ਼ਾਨਾ ਸਾਧਦੇ ਹੋਏ ਚੀਨ ਨੇ ਕਿਹਾ, 'ਇਸ ਸੰਕਟ ਲਈ ਅਮਰੀਕਾ ਜ਼ਿੰਮੇਵਾਰ ਹੈ... ਅਮਰੀਕੀ ਲੋਕਾਂ ਪ੍ਰਤੀ ਮਨੁੱਖਤਾ ਅਤੇ ਸਦਭਾਵਨਾ ਦੇ ਕਾਰਨ, ਅਸੀਂ ਇਸ ਮੁੱਦੇ ਨਾਲ ਨਜਿੱਠਣ ਵਿੱਚ ਅਮਰੀਕਾ ਦੀ ਮਦਦ ਕਰਨ ਲਈ ਕਈ ਸਖ਼ਤ ਕਦਮ ਚੁੱਕੇ ਹਨ।' ਸਾਡੇ ਯਤਨਾਂ ਨੂੰ ਸਵੀਕਾਰ ਕਰਨ ਦੀ ਬਜਾਏ, ਅਮਰੀਕਾ ਸਾਡੇ 'ਤੇ ਦੋਸ਼ ਲਗਾ ਰਿਹਾ ਹੈ ਅਤੇ ਸਾਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚ ਰਿਹਾ ਹੈ। ਉਹ ਸਾਨੂੰ ਮਦਦ ਕਰਨ ਦੀ ਸਜ਼ਾ ਦੇ ਰਹੇ ਹਨ। ਇਸ ਨਾਲ ਅਮਰੀਕਾ ਦੀਆਂ ਸਮੱਸਿਆਵਾਂ ਹੱਲ ਨਹੀਂ ਹੋਣਗੀਆਂ। ਇਸ ਨਾਲ ਦੋਵਾਂ ਦੇਸ਼ਾਂ ਵਿਚਕਾਰ ਸਹਿਯੋਗ ਕਮਜ਼ੋਰ ਹੋਵੇਗਾ।