ਨਵੀਂ ਦਿੱਲੀ: ਅਮਰੀਕਾ ’ਚ ਜੋਅ ਬਾਇਡੇਨ ਰਾਸ਼ਟਰਪਤੀ ਚੁਣੇ ਗਏ ਹਨ ਪਰ ਡੋਨਾਲਡ ਟਰੰਪ ਨੂੰ ਆਪਣੀ ਹਾਰ ਹਾਲੇ ਪ੍ਰਵਾਨ ਨਹੀਂ ਹੋ ਰਹੀ। ਇਸੇ ਲਈ ਕਿਆਸ-ਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਟਰੰਪ ਇੰਨੀ ਆਸਾਨੀ ਨਾਲ ਆਪਣਾ ਸਿੰਘਾਸਨ ਨਹੀਂ ਛੱਡਣਗੇ। ਮਾਹਿਰਾਂ ਤੇ ਸਾਬਕਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਡਰ ਹੈ ਕਿ ਟਰੰਪ ਕੁਝ ਅਜਿਹੀਆਂ ਚੀਜ਼ਾਂ ਕਰ ਸਕਦੇ ਹਨ, ਜਿਸ ਨਾਲ ਜੋਅ ਬਾਇਡੇਨ ਨੂੰ ਆਪਣੇ ਸ਼ੁਰੂਆਤੀ ਮਹੀਨਿਆਂ ’ਚ ਕੁਝ ਪ੍ਰੇਸ਼ਾਨੀ ਹੋਵੇ।


‘ਦੱਖਣੀ ਚੀਨ ਮੌਰਨਿੰਗ ਪੋਸਟ’ ਦੇ ਮਾਰਕ ਮੈਗਨੀਅਰ ਦਾ ਕਹਿਣਾ ਹੈ ਕਿ ਟਰੰਪ ਦੇ ਕੋਵਿਡ-19 ਮਹਾਮਾਰੀ ਤੇ ਅਮਰੀਕਾ ਦੀਆਂ ਆਰਥਿਕ ਸਥਿਤੀਆਂ ਲਈ ਬੀਜਿੰਗ ਨੂੰ ਦੋਸ਼ ਦੇਣ ਲਈ ਵਾਰ-ਵਾਰ ਕੀਤੇ ਜਤਨਾਂ ਤੋਂ ਲੱਗਦਾ ਹੈ ਕਿ ਉਨ੍ਹਾਂ ਦਾ ਨਿਸ਼ਾਨਾ ਹੁਣ ਚੀਨ ਹੋ ਸਕਦਾ ਹੈ। ਚੀਨ ਮੂਨ ਸਟ੍ਰੈਟਿਜੀਸ ਦੇ ਮੁਖੀ ਤੇ ਸਾਬਕਾ ਰਾਸ਼ਟਰੀ ਸੁਰੱਖਿਆ ਕੌਂਸਲ ਦੇ ਅਧਿਕਾਰੀ ਜੈੱਫ਼ ਮੂਨ ਨੇ ਕਿਹਾ ਕਿ ਟਰੰਪ ਨੇ ਚੀਨ ਨੂੰ ਕੋਵਿਡ-19 ਲਈ ਸਜ਼ਾ ਦੇਣ ਦਾ ਵਾਅਦਾ ਕੀਤਾ ਹੈ। ਇਸੇ ਤੋਂ ਹੁਣ ਕਈ ਤਰ੍ਹਾਂ ਦੇ ਅਨੁਮਾਨ ਲਾਏ ਜਾ ਰਹੇ ਹਨ।

ਮੈਗਨੀਅਰ ਅਨੁਸਾਰ ਬਾਇਡੇਨ ਦੇ ਪ੍ਰਸ਼ਾਸਨ ਨੂੰ ਕਮਜ਼ੋਰ ਕਰਨ ਲਈ ਟਰੰਪ ਤਾਇਵਾਨ ਦਾ ਮੁੱਦਾ ਚੁੱਕ ਸਕਦੇ ਹਨ। ਇਸ ਤੋਂ ਇਲਾਵਾ ਸ਼ਿਨਜਿਆਂਗ ’ਚ ਉਈਗਰਾਂ ਦੀ ਸਮੂਹਕ ਨਜ਼ਰਬੰਦੀ ਲਈ ਚੀਨ ਨੂੰ ਕਤਲੇਆਮ ਦਾ ਦੋਸ਼ੀ ਕਰਾਰ ਦੇਣ ਦੇ ਸੰਭਾਵੀ ਵਿਸਫੋਟਕ ਕਦਮ ਤੋਂ ਵੀ ਅਗਾਂਹ ਕਮਿਊਨਿਸਟ ਪਾਰਟੀ ਦੇ ਅਧਿਆਰੀਆਂ ਨੂੰ ਅਮਰੀਕੀ ਵੀਜ਼ਾ ਨਾ ਦੇਣ ਦਾ ਜਤਨ ਵੀ ਕਰ ਸਕਦੇ ਹਨ। ਇਸ ਤੋਂ ਇਲਾਵਾ ਉਹ ਬੀਜਿੰਗ ਦੇ 2022 ਦੇ ਸਰਦ–ਰੁੱਤ ਉਲੰਪਿਕ ਨੂੰ ਛੱਡਣ ਲਈ ਅਮਰੀਕੀ ਐਥਲੀਟਾਂ ਨੂੰ ਹੁਕਮ ਦੇਣ ਦਾ ਜਤਨ ਕਰ ਕੇ ਪ੍ਰੇਸ਼ਾਨੀ ਖੜ੍ਹੀ ਕਰ ਸਕਦੇ ਹਨ।