ਬੀਜਿੰਗ: ਅਮਰੀਕਾ ਦੇ ਇੱਕ ਸੀਨੀਅਰ ਨੇਤਾ ਨੇ ਕਿਹਾ ਹੈ ਕਿ ਏਸ਼ੀਆ ‘ਚ ਆਪਣੀਆਂ ਮਿਸਾਇਲਾਂ ਤਾਇਨਾਤ ਕਰਨ ਲਈ ਸਾਥੀ ਦੇਸ਼ਾਂ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਏਸ਼ੀਆ-ਪ੍ਰਸ਼ਾਂਤ ਖੇਤਰਾਂ ‘ਚ ਮਿਸਾਇਲ ਤਾਇਨਾਤੀ ਦੀ ਤਿਆਰੀ ਨੂੰ ਲੈ ਕੇ ਚੀਨ ਪਹਿਲਾਂ ਹੀ ਅਮਰੀਕਾ ਨੂੰ ਚੇਤਾਵਨੀ ਦੇ ਚੁੱਕਿਆ ਹੈ। ਚੀਨ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਮਿਸਾਇਲਾਂ ਨੂੰ ਥਾਂ ਦੇਣ ਵਾਲੇ ਦੇਸ਼ਾਂ ਖਿਲਾਫ ਸਖ਼ਤ ਕਾਰਵਾਈ ਕਰੇਗਾ।

ਅਮਰੀਕੀ ਨੇਤਾ ਤੇ ਵਿਦੇਸ਼ ਮੰਤਰਾਲੇ ‘ਚ ਹਥਿਆਰ ਕੰਟਰੋਲ ਤੇ ਅੰਤਰਾਸ਼ਟਰੀ ਸੁਰੱਖਿਆ ਮਸਲਿਆਂ ਦੀ ਸਕੱਤਰ ਏਂਡ੍ਰੀਆ ਥਾਪਸਨ ਨੇ ਮੰਗਲਵਾਰ ਨੂੰ ਕਿਹਾ ਕਿ ਮਿਸਾਇਲ ਤਾਇਨਾਤੀ ‘ਤੇ ਅਮਰੀਕੀ ਸਰਕਾਰ ਦੀ ਸਾਥੀ ਦੇਸ਼ਾਂ ਦੀਆਂ ਸਰਕਾਰਾਂ ਨਾਲ ਗੱਲ ਚੱਲ ਰਹੀ ਹੈ। ਰੂਸ ਨਾਲ ਮੱਧ-ਦੂਰੀ ਦੀਆਂ ਮਿਸਾਇਲਾਂ ‘ਤੇ ਬੈਨ ਨਾਲ ਜੁੜੀ ਸੰਧੀ ਦੇ ਹਾਲ ਹੀ ‘ਚ ਖ਼ਤਮ ਹੋਣ ਤੋਂ ਬਾਅਦ ਅਮਰੀਕਾ ਏਸ਼ੀਆ ‘ਚ ਆਪਣੀਆਂ ਮਿਸਾਇਲਾਂ ਤਾਇਨਾਤ ਕਰਨ ਦੀ ਕੋਸ਼ਿਸ਼ ‘ਚ ਹੈ।

ਇਸ ਦਾ ਇੱਕ ਕਾਰਨ ਖੇਤਰ ‘ਚ ਚੀਨ ਦੇ ਦਬਦਬੇ ਨੂੰ ਚੁਣੌਤੀ ਦੇਣਾ ਵੀ ਹੈ। ਇਸ ਲਈ ਤਿੰਨ ਸਾਥੀ ਦੇਸ਼ ਆਸਟ੍ਰੇਲੀਆ, ਜਾਪਾਨ ਤੇ ਦੱਖਣੀ ਕੋਰੀਆ ਵਿੱਚੋਂ ਕਿਸੇ ਇੱਕ ‘ਚ ਅਮਰੀਕੀ ਮਿਸਾਇਲਾਂ ਦੀ ਤਾਇਨਾਤੀ ਦੀ ਉਮੀਦ ਜਤਾਈ ਜਾ ਰਹੀ ਹੈ।