ਅੰਮ੍ਰਿਤਸਰ: ਪਾਕਿਸਤਾਨ ਵਿੱਚ ਅੱਜ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ। ਆਮ ਤੌਰ 'ਤੇ ਆਜ਼ਾਦੀ ਦਿਵਸ ਮੌਕੇ ਪਾਕਿਸਤਾਨ ਭਾਰਤ ਨੂੰ ਮਠਿਆਈ ਦਿੰਦਾ ਸੀ ਤੇ ਪਿਛਲੇ ਲੰਬੇ ਸਮੇਂ ਤੋਂ ਦੋਵਾਂ ਦੇਸ਼ਾਂ ਵਿੱਚ ਇਹ ਪਰੰਪਰਾ ਚੱਲਦੀ ਆ ਰਹੀ ਸੀ ਪਰ ਪਾਕਿਸਤਾਨ ਨੇ ਲਗਾਤਾਰ ਦੂਸਰੀ ਵਾਰ ਇਹ ਪਰੰਪਰਾ ਤੋੜ ਦਿੱਤੀ ਹੈ।


ਦੋਵਾਂ ਦੇਸ਼ਾਂ ਦੀ ਤਲਖ਼ੀ ਦਾ ਅਸਰ ਇਸ ਪਰੰਪਰਾ 'ਤੇ ਵੀ ਪਿਆ ਹੈ। ਦੋ ਦਿਨ ਪਹਿਲਾਂ ਹੀ ਈਦ ਦੇ ਮੌਕੇ 'ਤੇ ਭਾਰਤ ਵੱਲੋਂ ਪਾਕਿਸਤਾਨ ਨੂੰ ਮਠਿਆਈ ਦੇਣ ਦੀ ਤਿਆਰੀ ਕੀਤੀ ਗਈ ਸੀ ਪਰ ਪਾਕਿਸਤਾਨੀ ਰੇਂਜਰਸ ਨੇ ਬੀਐਸਐਫ ਦੇ ਅਧਿਕਾਰੀਆਂ ਕੋਲੋਂ ਮਠਿਆਈ ਲੈਣ ਤੋਂ ਮਨ੍ਹਾ ਕਰ ਦਿੱਤਾ ਸੀ।


ਪਿਛਲੇ ਲੰਮੇ ਸਮੇਂ ਤੋਂ ਇਹ ਪਰੰਪਰਾ ਚੱਲ ਰਹੀ ਸੀ। ਭਾਰਤ ਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੇ ਆਜ਼ਾਦੀ ਦਿਹਾੜਿਆਂ, ਈਦ ਤੇ ਦੀਵਾਲੀ ਮੌਕੇ ਇੱਕ ਦੂਜੇ ਨੂੰ ਮਠਿਆਈਆਂ ਦਿੰਦੇ ਸਨ ਪਰ ਜੰਮੂ ਕਸ਼ਮੀਰ ਸੂਬੇ ਵਿੱਚ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਬੁਖ਼ਲਾਹਟ ਦੇ ਵਿੱਚ ਆ ਕੇ ਲਗਾਤਾਰ ਪਰੰਪਰਾਵਾਂ ਤੋੜ ਰਿਹਾ ਹੈ।


ਇਸ ਤੋਂ ਪਹਿਲਾਂ ਪਾਕਿਸਤਾਨ ਨੇ ਭਾਰਤ ਨਾਲ ਵਪਾਰਕ ਸਬੰਧ ਵੀ ਖਤਮ ਕਰ ਦਿੱਤੇ। ਟਰਾਂਸਪੋਰਟ ਸਿਸਟਮ ਬੰਦ ਕਰ ਦਿੱਤਾ ਤੇ ਹੁਣ ਬੀਐਸਐਫ ਤੇ ਪਾਕਿ ਰੇਂਜਰਸ ਵਿਚਾਲੇ ਹੁੰਦੀਆਂ ਰਸਮਾਂ ਤੋੜ ਦਿੱਤੀਆਂ। ਬੀਐਸਐਫ ਅਧਿਕਾਰੀਆਂ ਨੂੰ ਪਾਕਿਸਤਾਨੀ ਰੇਂਜਰਸ ਨੇ ਮਠਿਆਈ ਦੇਣ ਸਬੰਧੀ ਕੋਈ ਵੀ ਸੰਪਰਕ ਨਹੀਂ ਕੀਤਾ ਜਦਕਿ 11 ਅਗਸਤ ਦੀ ਸ਼ਾਮ ਨੂੰ ਪਾਕਿਸਤਾਨ ਨੇ ਬੀਐਸਐਫ ਨੂੰ ਮਠਿਆਈ ਨਾ ਲੈਣ ਸਬੰਧੀ ਬਕਾਇਦਾ ਸੂਚਿਤ ਕਰ ਦਿੱਤਾ ਸੀ।