ਬੀਜਿੰਗ: ਚੀਨ ਨੇ ਆਪਣੇ ਦੇਸ਼ ਵਿੱਚ ਬਣਾਏ ਐਂਫੀਬਿਅਸ ਜਹਾਜ਼ ਏਜੀ 600 ਦੀ ਪਹਿਲੀ ਉਡਾਣ ਦਾ ਸਫ਼ਲ ਪ੍ਰੀਖਣ ਕੀਤਾ। ਐਂਫੀਬਿਅਸ ਜਹਾਜ਼ ਪਾਣੀ ਤੇ ਜ਼ਮੀਨ ਦੋਵੇਂ ਥਾਵਾਂ ’ਤੇ ਉਡਾਣ ਭਰਨ ਤੇ ਲੈਂਡ ਕਰਨ ਦੇ ਸਮਰਥ ਹੈ।
ਚੀਨ ਦਾ ਦਾਅਵਾ ਹੈ ਕਿ ਇਹ ਵਿਸ਼ਵ ਦਾ ਸਭ ਤੋਂ ਵੱਡਾ ਐਂਫੀਬਿਅਸ ਜਹਾਜ਼ ਹੈ। ਚੀਨ ਦੇ ਸਰਕਾਰੀ ਮੀਡੀਆ ਅਨੁਸਾਰ ਏਵੀਏਸ਼ਨ ਇੰਡਸਟਰੀ ਕਾਰਪੋਰੇਸ਼ਨ ਆਫ਼ ਚਾਈਨਾ (ਏਵੀਆਈਸੀ) ਵੱਲੋਂ ਤਿਆਰ ਕੀਤੇ ਜਹਾਜ਼ ਨੇ ਹੁਬੇਈ ਪ੍ਰਾਂਤ ਦੇ ਜਿੰਗਮੈਨ ਵਿੱਚ ਝੰਗਹੇ ਤੋਂ ਉਡਾਣ ਭਰੀ ਸੀ ਤੇ ਇਹ ਲਗਪਗ 15 ਮਿੰਟ ਲਈ ਹਵਾ ਵਿੱਚ ਰਿਹਾ।
ਖ਼ਬਰ ਏਜੰਸੀ ਜ਼ਿਨਹੁਆ ਮੁਤਾਬਕ ਇਸ ਜਹਾਜ਼ ਨੂੰ ਚਾਰ ਪਾਇਲਟ ਚਲਾ ਰਹੇ ਸੀ। ਜਹਾਜ਼ ਦਾ ਛੋਟਾ ਨਾਂ ‘ਕੁਨਲੋਂਗ’ ਹੈ। AG600 ਨੇ ਆਪਣੀ ਪਹਿਲੀ ਉਡਾਣ ਦਸੰਬਰ 2017 ਵਿੱਚ ਝੁਨਹੇਈ ਤੋਂ ਸ਼ੁਰੂ ਕੀਤੀ ਸੀ। ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਨੇ ਇਸ ਉਪਲੱਬਧੀ ’ਤੇ ਵਧਾਈ ਦਿੰਦਿਆਂ ਸੰਦੇਸ਼ ਭੇਜਿਆ ਜਿਸ ਵਿੱਚ ਉਨ੍ਹਾਂ ਕਿਹਾ ਕਿ AG600 ਦੀ ਸਫਲ ਉਡਾਣ ਤੋਂ ਇੱਕ ਹੋਰ ਉਪਲੱਬਧੀ ਹਾਸਲ ਹੋਈ ਹੈ।