ਭ੍ਰਿਸ਼ਟਾਚਾਰ ਦੇ ਦੋਸ਼ੀ ਇਸ ਫੌਜੀ ਜਨਰਲ ਨੇ ਫਾਂਸੀ ਲਗਾ ਕੇ ਕੀਤੀ ਖੁਦਕੁਸ਼ੀ...
ਏਬੀਪੀ ਸਾਂਝਾ | 29 Nov 2017 09:29 AM (IST)
ਬੀਜਿੰਗ- ਚੀਨ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ੀ ਇੱਕ ਫੌਜੀ ਜਨਰਲ ਨੇ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਉਹ ਭ੍ਰਿਸ਼ਟਾਚਾਰ ਦੇ ਦਾਗੀ ‘ਪੀਪਲਜ਼ ਲਿਬਰੇਸ਼ਨ ਆਰਮੀ’ ਦੇ ਦੋ ਸਾਬਕਾ ਜਨਰਲਾਂ ਦੇ ਨਾਲ ਆਪਣੇ ਸੰਬੰਧਾਂ ਬਾਰੇ ਜਾਂਚ ਦਾ ਸਾਹਮਣਾ ਕਰ ਰਹੇ ਸਨ। ਸਰਕਾਰੀ ਸਮਾਚਾਰ ਏਜੰਸੀ ਦੇ ਮੁਤਾਬਕ ਕੇਂਦਰੀ ਫੌਜੀ ਵਿਭਾਗ ਦੇ ਹਵਾਲੇ ਨਾਲ ਇਹ ਖਬਰ ਦਿੱਤੀ ਗਈ ਹੈ ਕਿ ਝਾਂਗ-ਯਾਂਗ ਨੇ 23 ਨਵੰਬਰ ਨੂੰ ਬੀਜਿੰਗ ਵਿੱਚ ਆਪਣੇ ਘਰ ਵਿੱਚ ਫਾਂਸੀ ਲਗਾ ਲਈ। ਉਹ ਸੀ ਐੱਮ ਸੀ (ਕੇਂਦਰੀ ਮਿਲਟਰੀ ਕਮਿਸ਼ਨ) ਦੇ ਮੈਂਬਰ ਸਨ। ਪਿਛਲੇ ਸਾਲ ਅਕਤੂਬਰ ਤੋਂ ਬਾਅਦ ਝਾਂਗ ਸੀ ਐੱਮ ਸੀ ਦੇ ਦੋ ਸਾਬਕਾ ਉਪ ਮੁਖੀ ਰਹਿ ਚੁੱਕੇ ਜਰਨੈਲਾਂ ਗੁਓ ਬੋਕਿਸਯੋਂਗ ਅਤੇ ਸ਼ੂ ਕਾਇਹੋਊ ਨਾਲ ਸੰਬੰਧਾਂ ਬਾਰੇ ਜਾਂਚ ਦੇ ਘੇਰੇ ਵਿੱਚ ਸਨ ਤੇ ਉਨ੍ਹਾਂ ਦੋਵਾਂ ਨੂੰ ਸੱਤਾਧਾਰੀ ਕਮਿਊਨਿਸਟ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ। ਗੁਓ ਬੋਕਿਸਯੋਂਗ ਨੂੰ ਭ੍ਰਿਸ਼ਟਾਚਾਰ ਦਾ ਦੋਸ਼ੀ ਕਰਾਰ ਦੇਣ ਮਗਰੋਂ 2016 ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਸ਼ੂ ਕਾਇਹੋਊ ਦਾ ਜਾਂਚ ਦੌਰਾਨ ਹੀ 2015 ਵਿੱਚ ਕੈਂਸਰ ਦੀ ਬਿਮਾਰੀ ਕਾਰਨ ਦੇਹਾਂਤ ਹੋ ਗਿਆ ਸੀ। ਹਾਂਗਕਾਂਗ ਦੀ ਅਖਬਾਰ ਮੁਤਾਬਕ ਝਾਂਗ ਨੇ ਆਪਣੇ ਘਰ ਵਿੱਚ ਫਾਂਸੀ ਲਾ ਲਈ। ਪੀਪਲਜ਼ ਲਿਬਰੇਸ਼ਨ ਆਰਮੀ (ਪੀ ਐੱਲ ਏ) ਦੇ ਉੱਚ ਅਧਿਕਾਰੀਆਂ ਨੂੰ ਉਨ੍ਹਾਂ ਦੀ ਮੌਤ ਦੀ ਖਬਰ ਦੇ ਦਿੱਤੀ ਗਈ ਹੈ। ਰਾਸ਼ਟਰਪਤੀ ਸ਼ੀ ਜਿਨਪਿੰਗ ਨੇ 2015 ਵਿੱਚ ਸੱਤਾ ਸੰਭਾਲਣ ਮਗਰੋਂ ਇਕ ਵਿਆਪਕ ਭ੍ਰਿਸ਼ਟਾਚਾਰ ਰੋਕੂ ਮੁਹਿੰਮ ਸ਼ੁਰੂ ਕੀਤੀ ਸੀ, ਤਦ ਤੋਂ ਕਮਿਊਨਸਟ ਪਾਰਟੀ ਦੇ 10 ਲੱਖ ਤੋਂ ਵੱਧ ਮੈਂਬਰਾਂ ਨੂੰ ਸਜ਼ਾ ਦਿੱਤੀ ਜਾ ਚੁੱਕੀ ਹੈ। ਇਸ ਦੇ ਨਾਲ ਚੀਨੀ ਫੌਜ ਦੇ 13,000 ਤੋਂ ਵੱਧ ਕਰਮਚਾਰੀਆਂ ਨੂੰ ਵੀ ਸਜ਼ਾ ਦਿੱਤੀ ਜਾ ਚੁੱਕੀ ਹੈ, ਜਿਨ੍ਹਾਂ ਵਿੱਚ 40 ਵੱਡੇ ਜਨਰਲ ਸ਼ਾਮਲ ਹਨ।