ਨਵੀਂ ਦਿੱਲੀ: ਸਰਹੱਦ ਉਪਰ ਇਸ ਵੇਲੇ ਭਾਰਤ ਤੇ ਚੀਨ ਦੀਆਂ ਫੌਜਾਂ ਸ਼ਾਂਤ ਹਨ। ਦੋਵੇਂ ਧਿਰਾਂ 6 ਜੂਨ ਨੂੰ ਲੈਫਟੀਨੈਂਟ ਜਨਰਲ ਪੱਧਰ ਦੀ ਹੋਰ ਰਹੀ ਮੀਟਿੰਗ ਕਰਕੇ ਕੋਈ ਹਿੱਲਜੁਲ ਨਹੀਂ ਕਰ ਰਹੀਆਂ। ਇਸ ਦੇ ਨਾਲ ਹੀ ਖੁਲਾਸਾ ਹੋਇਆ ਹੈ ਕਿ ਚੀਨੀ ਫੌਜ ਖਤਰਨਾਕ ਇਰਾਦੇ ਨਾਲ ਭਾਰਤੀ ਸਰਹੱਦ ਵੱਲ ਵਧੀ ਸੀ।


ਕੇਂਦਰ ਸਰਕਾਰ ਨੂੰ ਭੇਜੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚੀਨੀ ਫੌਜ ਭਾਰਤ ਦੇ ਕਾਫੀ ਅੰਦਰ ਤੱਕ ਆ ਕੇ ਡੇਰੇ ਜਮਾਉਣਾ ਚਾਹੁੰਦੇ ਸੀ। ਇਸ ਲਈ ਉਹ ਪੂਰੇ ਸਾਜ਼ੋ-ਸਾਮਾਨ ਨਾਲ ਅੱਗੇ ਵਧੇ ਪਰ ਭਾਰਤ ਦੇ ਸਖਤ ਵਿਰੋਧ ਕਰਕੇ ਉਨ੍ਹਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਏ। ਇਸ ਤੋਂ ਇਲਾਵਾ ਅਮਰੀਕਾ ਦੀ ਚੇਤਾਵਨੀ ਕਰਕੇ ਵੀ ਚੀਨ ਨੇ ਭਾਰਤ ਨਾਲ ਹੋਰ ਤਣਾਅ ਵਧਾਉਣਾ ਜਾਇਜ਼ ਨਹੀਂ ਸਮਝਿਆ।

ਸੂਤਰਾਂ ਦਾ ਕਹਿਣਾ ਹੈ ਕਿ ਸ਼ਨਿੱਚਰਵਾਰ ਨੂੰ ਹੋਣ ਵਾਲੀ ਲੈਫਟੀਨੈਂਟ ਜਨਰਲ ਪੱਧਰ ਦੇ ਅਧਿਕਾਰੀਆਂ ਦੀ ਮੀਟਿੰਗ ਤੋਂ ਪਹਿਲਾਂ ਲੱਦਾਖ ਦੀ ਗਲਵਾਨ ਵਾਦੀ ਵਿੱਚ ਭਾਰਤ ਤੇ ਚੀਨ ਦੀਆਂ ਫੌਜਾਂ ਆਪੋ-ਆਪਣੀਆਂ ਮੌਜੂਦਾ ਪੁਜ਼ੀਸ਼ਨਾਂ ਤੋਂ ਕੁਝ ਪਿੱਛੇ ਹਟ ਗਈਆਂ ਹਨ। ਸੂਤਰਾਂ ਮੁਤਾਬਕ ਚੀਨੀ ਫੌਜ ਦੋ ਕਿਲੋਮੀਟਰ ਤੇ ਭਾਰਤੀ ਫੌਜ ਆਪਣੀ ਮੌਜੂਦਾ ਜਗ੍ਹਾ ਤੋਂ ਇੱਕ ਕਿਲੋਮੀਟਰ ਪਿੱਛੇ ਹਟੀ ਹੈ।

ਦੱਸ ਦਈਏ ਕਿ ਪਿਛਲੇ ਦਿਨੀਂ ਪੂਰਬੀ ਲੱਦਾਖ ’ਚ ਪੈਂਗੌਂਗ ਝੀਲ ਤੇ ਗਲਵਾਨ ਵਾਦੀ ਇਲਾਕਿਆਂ ਵਿੱਚ ਚਾਰ ਵੱਖ ਵੱਖ ਥਾਈਂ ਭਾਰਤ ਤੇ ਚੀਨ ਦੀਆਂ ਫੌਜਾਂ ਦਰਮਿਆਨ ਟਕਰਾਅ ਕਰਕੇ ਅਸਲ ਕੰਟਰੋਲ ਰੇਖਾ ਦੇ ਨਾਲ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ। ਹਾਲਾਂਕਿ ਦੋਵੇਂ ਮੁਲਕ ਤਲਖੀ ਨੂੰ ਘਟਾਉਣ ਲਈ ਸਫ਼ਾਰਤੀ ਚੈਨਲਾਂ ਤੇ ਮੌਜੂਦਾ ਵਿਵਸਥਾਵਾਂ ਰਾਹੀਂ ਇੱਕ-ਦੂਜੇ ਦੇ ਸੰਪਰਕ ਵਿੱਚ ਹਨ।

ਮੰਗਲਵਾਰ ਨੂੰ ਮੇਜਰ ਜਨਰਲ ਪੱਧਰ ਦੇ ਅਧਿਕਾਰੀਆਂ ਵਿਚਾਲੇ ਹੋਈ ਗੱਲਬਾਤ ਮਗਰੋਂ ਹੁਣ 6 ਜੂਨ ਨੂੰ ਲੈਫਟੀਨੈਂਟ ਜਨਰਲ ਪੱਧਰ ਦੇ ਅਧਿਕਾਰੀ ਇਕ ਦੂਜੇ ਨਾਲ ਸੰਵਾਦ ਕਰਨਗੇ। ਭਾਰਤੀ ਵਫ਼ਦ ਦੀ ਅਗਵਾਈ ਲੇਹ ਅਧਾਰਿਤ 14ਵੀਂ ਕੋਰ ਦੇ ਕੋਰ ਕਮਾਂਡਰ ਕਰਨਗੇ। ਰੱਖਿਆ ਮਾਹਰਾਂ ਦਾ ਕਹਿਣਾ ਹੈ ਕਿ ਚੀਨ ਇਸ ਵੇਲੇ ਭਾਰਤ ਨਾਲ ਕੋਈ ਟਕਰਾਅ ਨਹੀਂ ਚਾਹੁੰਦਾ। ਇਹ ਕਾਰਵਾਈ ਕੌਮਾਂਤਰੀ ਹਾਲਾਤ ਦੇ ਮੱਦੇਨਜ਼ਰ ਕੀਤੀ ਗਈ ਹੋ ਸਕਦੀ ਹੈ। ਸ਼ਾਇਦ ਚੀਨ ਦਾ ਮਕਸਦ ਭਾਰਤ 'ਤੇ ਦਬਾਅ ਬਣਾਉਣਾ ਹੋ ਸਕਦਾ ਹੈ।