ਮਹਿਤਾਬ-ਉਦ-ਦੀਨ
ਚੰਡੀਗੜ੍ਹ: ਹੋਰਨਾਂ ਦੇਸ਼ਾਂ ਤੋਂ ਕੈਨੇਡਾ ਆਉਣ ਵਾਲੀਆਂ ਉਡਾਣਾਂ ਦੇ ਹਰੇਕ ਯਾਤਰੀ ਦਾ ਕੋਰੋਨਾ ਟੈਸਟ ਜ਼ਰੂਰ ਹੁੰਦਾ ਹੈ ਤੇ ਬਹੁਤ ਸਾਰੇ ਯਾਤਰੀ ਪੌਜ਼ੇਟਿਵ ਪਾਏ ਜਾ ਰਹੇ ਹਨ। ਜੇ ਇਕੱਲੇ ਮਾਰਚ ਮਹੀਨੇ ਦੇ ਹੀ ਅੰਕੜਿਆਂ ’ਤੇ ਹੀ ਇੱਕ ਝਾਤ ਪਾਈਏ, ਤਾਂ ਇਹ ਪਤਾ ਲੱਗਦਾ ਹੈ ਕਿ ਦਿੱਲੀ ਤੋਂ ਕੈਨੇਡਾ ਪੁੱਜਣ ਵਾਲੀਆਂ ਅੰਤਰਰਾਸ਼ਟਰੀ ਉਡਾਣਾਂ ’ਚੋਂ ਇੱਕ-ਤਿਹਾਈ ਉਡਾਣਾਂ ਦੇ ਯਾਤਰੀ ਕੋਰੋਨਾ-ਪੌਜ਼ੇਟਿਵ ਨਿਕਲ ਰਹੇ ਹਨ।
‘ਹੈਲਥ ਕੈਨੇਡਾ’ ਦੇ ਅੰਕੜਿਆਂ ਅਨੁਸਾਰ ਬੀਤੀ 3 ਮਾਰਚ ਤੋਂ ਲੈ ਕੇ 19 ਮਾਰਚ ਤੱਕ ਕੁੱਲ 98 ਅੰਤਰਰਾਸ਼ਟਰੀ ਉਡਾਣਾਂ ਕੋਰੋਨਾ ਪੌਜ਼ੇਟਿਵ ਯਾਤਰੀਆਂ ਨੂੰ ਲੈ ਕੇ ਕੈਨੇਡਾ ਪੁੱਜੀਆਂ ਸਨ; ਜਿਨ੍ਹਾਂ ਵਿੱਚੋਂ 30 ਇਕੱਲੇ ਭਾਰਤ ਦੀ ਰਾਜਧਾਨੀ ਦਿੱਲੀ ਤੋਂ ਅੱਪੜੀਆਂ ਸਨ।
ਇਨ੍ਹਾਂ ਵਿੱਚੋਂ 21 ਉਡਾਣਾਂ ਏਅਰ ਇੰਡੀਆ ਦੀਆਂ ਸਨ ਤੇ 9 ਏਅਰ ਕੈਨੇਡਾ ਦੀਆਂ ਸਨ। ਬਾਕੀ ਦੀਆਂ ਉਡਾਣਾਂ ਫ਼੍ਰੈਂਕਫ਼ਰਟ, ਦੁਬਈ, ਇਸਲਾਮਾਬਾਦ, ਦੋਹਾ, ਅਬੂ ਧਾਬੀ, ਪੈਰਿਸ ਤੇ ਲਾਹੌਰ ਜਿਹੇ ਸ਼ਹਿਰਾਂ ਤੋਂ ਆਈਆਂ ਸਨ।
‘ਇੰਡੀਅਨ ਐਕਸਪ੍ਰੈੱਸ’ ਦੀ ਇੱਕ ਬੇਹੱਦ ਦਿਲਚਸਪ ਰਿਪੋਰਟ ਮੁਤਾਬਕ ਲੰਘੀ 11 ਮਾਰਚ ਨੁੰ ਏਅਰ ਇੰਡੀਆ ਦੀ ਉਡਾਣ AI-187 ’ਚ 41 ਤੋਂ 53 ਨੰਬਰ ਤੱਕ ਦੀਆਂ ਕਤਾਰਾਂ ਦੇ ਯਾਤਰੀ ਕੋਰੋਨਾ ਪੌਜ਼ੇਟਿਵ ਪਾਏ ਗਏ ਸਨ। ਉਸ ਉਡਾਣ ਦੇ ਬੋਇੰਗ 777-300 ਜਹਾਜ਼ ਵਿੱਚ ਕੁੱਲ 101 ਸੀਟਾਂ ਸਨ।
ਜੇ ਸਿਰਫ਼ 17 ਦਿਨਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰੀਏ, ਤਾਂ ਦਿੱਲੀ ਤੋਂ ਕੈਨੇਡਾ ਅੱਪੜਨ ਵਾਲੀਆਂ ਕੁੱਲ 30 ਉਡਾਣਾਂ ਵਿੱਚੋਂ 21 ਨੇ ਟੋਰਾਂਟੋ ਦੇ ਕੌਮਾਂਤਰੀ ਹਵਾਈ ਅੱਡੇ ਉੱਤੇ ਤੇ 9 ਨੇ ਵੈਨਕੂਵਰ ਹਵਾਈ ਅੱਡੇ ਉੱਤੇ ਲੈਂਡ ਕੀਤਾ ਸੀ। ਇਨ੍ਹਾਂ ਉਡਾਣਾਂ ਰਾਹੀਂ ਕੈਨੇਡਾ ਪੁੱਜਣ ਵਾਲੇ ਯਾਤਰੀਆਂ ਵਿੱਚ ਵੱਡੀ ਗਿਣਤੀ ਬੇਸ਼ੱਕ ਪੰਜਾਬੀਆਂ ਦੀ ਹੀ ਹੈ।
ਉਂਝ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੇ ਇਹ ਨਿਯਮ ਬਣਾਇਆ ਹੋਇਆ ਹੈ ਕਿ ਕੈਨੇਡਾ ਲਈ ਕੋਈ ਉਡਾਣ ਫੜਨ ਵਾਲੇ ਹਰੇਕ ਹਵਾਈ ਯਾਤਰੀ ਕੋਲ ਕੋਵਿਡ-19 ਨੈਗੇਟਿਵ ਮੌਲੀਕਿਊਲਰ ਟੈਸਟ ਸਰਟੀਫ਼ਿਕੇਟ ਹੋਣਾ ਜ਼ਰੂਰੀ ਹੈ। ਪਰ ਫਿਰ ਵੀ ਕੈਨੇਡਾ ਪੁੱਜਣ ਵਾਲੇ ਕੋਰੋਨਾ ਪੌਜ਼ੇਟਿਵ ਯਾਤਰੀਆਂ ਦੀ ਵਧਦੀ ਜਾ ਰਹੀ ਗਿਣਤੀ ਤੋਂ ਕੈਨੇਡਾ ਸਰਕਾਰ ਦਾ ਸਿਹਤ ਮੰਤਰਾਲਾ ਤੇ ਸਿਹਤ ਵਿਭਾਗ ਡਾਢੇ ਚਿੰਤਤ ਹਨ।
ਏਅਰ ਇੰਡੀਆ ਦਾ ਇਸ ਮਾਮਲੇ ’ਚ ਕਹਿਣਾ ਹੈ ਕਿ ਉਸ ਵੱਲੋਂ ਕਿਸੇ ਵੀ ਨਿਯਮ ਵਿੱਚ ਕੋਈ ਢਿੱਲ ਨਹੀਂ ਵਰਤੀ ਜਾ ਰਹੀ।