ਪਾਕਿਸਤਾਨ ਵਿੱਚ ਘੱਟ ਗਿਣਤੀ ਭਾਈਚਾਰਾ ਲਗਾਤਾਰ ਖ਼ਤਰੇ ਵਿੱਚ ਜਿਉਂਣ ਲਈ ਮਜ਼ਬੂਰ ਹੈ। ਘੱਟ ਗਿਣਤੀਆਂ 'ਚ ਸਭ ਤੋਂ ਵੱਧ ਨਿਸ਼ਾਨਾ ਸਿੱਖਾਂ ਅਤੇ ਹਿੰਦੂਆਂ ਨੂੰ ਬਣਾਇਆ ਜਾ ਰਿਹਾ ਹੈ। ਪਿਛਲੇ ਮਹੀਨੇ ਦੇ ਵਿੱਚ 2 ਸਿੱਖ ਵਿਅਕਤੀਆਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। 


ਤਾਜ਼ੇ ਮਾਮਲੇ ਦੇ ਤਹਿਤ ਦੱਖਣੀ ਸਿੰਧ ਸੂਬੇ ਵਿਚ ਐਤਵਾਰ (16 ਜੁਲਾਈ) ਨੂੰ ਹਥਿਆਰਬੰਦ ਬਦਮਾਸ਼ਾ ਦੇ ਇਕ ਗੈਂਗ ਨੇ ਇਕ ਮੰਦਰ 'ਤੇ ਰਾਕੇਟ ਲਾਂਚਰ ਨਾਲ ਹਮਲਾ ਕੀਤਾ। ਘੱਟ ਗਿਣਤੀ ਭਾਈਚਾਰੇ ਦੇ ਧਾਰਮਿਕ ਸਥਾਨ 'ਤੇ ਤਿੰਨ ਦਿਨਾਂ ਦੇ ਅੰਦਰ ਅੰਦਰ ਭੰਨਤੋੜ ਦੀ ਇਹ ਦੂਜੀ ਘਟਨਾ ਹੈ। ਹਮਲਾਵਰਾਂ ਨੇ ਸਿੰਧ ਸੂਬੇ ਦੇ ਕਸ਼ਮੋਰ ਇਲਾਕੇ ਵਿੱਚ ਸਥਾਨਕ ਹਿੰਦੂ ਭਾਈਚਾਰੇ ਵੱਲੋਂ ਬਣਾਏ ਗਏ ਇੱਕ ਛੋਟੇ ਜਿਹੇ ਮੰਦਰ ਅਤੇ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਨਾਲ ਸਬੰਧਤ ਘਰਾਂ ’ਤੇ ਹਮਲਾ ਕੀਤਾ।


ਇਹ ਹਮਲਾ ਕਰਾਚੀ ਦੇ ਸੋਲਜਰ ਬਜ਼ਾਰ ਵਿੱਚ ਸਥਿਤ ਮਾਰੀ ਮਾਤਾ ਮੰਦਰ ਨੂੰ ਸ਼ੁੱਕਰਵਾਰ (14 ਜੁਲਾਈ) ਨੂੰ ਭਾਰੀ ਪੁਲਿਸ ਬਲ ਦੀ ਮੌਜੂਦਗੀ ਵਿੱਚ ਬੁਲਡੋਜ਼ਰ ਨਾਲ ਢਾਹ ਦਿੱਤੇ ਜਾਣ ਦੇ ਦੋ ਦਿਨ ਬਾਅਦ ਹੋਇਆ ਹੈ। ਸਿੰਧ ਪ੍ਰਾਂਤ ਦੀ ਰਾਜਧਾਨੀ ਕਰਾਚੀ ਵਿੱਚ ਲਗਭਗ 150 ਸਾਲ ਪਹਿਲਾਂ ਦੇ ਮੰਨੇ ਜਾਂਦੇ ਇਸ ਮੰਦਰ ਨੂੰ ਪੁਰਾਣਾ ਅਤੇ ਖਤਰਨਾਕ ਢਾਂਚਾ ਕਰਾਰ ਦੇ ਕੇ ਢਾਹ ਦਿੱਤਾ ਗਿਆ ਸੀ।


ਮੰਦਰ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ


ਹਮਲਾਵਰਾਂ ਨੇ 16 ਜੁਲਾਈ ਨੂੰ ਮੰਦਰ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਸੀ। ਸੂਚਨਾ ਮਿਲਦੇ ਹੀ ਕਸ਼ਮੋਰ-ਕੰਧਕੋਟ ਦੇ ਐਸਐਸਪੀ  ਦੀ ਅਗਵਾਈ ਵਿੱਚ ਪੁਲੀਸ ਦੀ ਟੁਕੜੀ ਮੌਕੇ ’ਤੇ ਪੁੱਜੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਪੂਜਾ ਸਥਾਨ 'ਤੇ "ਰਾਕੇਟ ਲਾਂਚਰ" ਦਾਗੇ। ਹਮਲੇ ਦੌਰਾਨ ਮੰਦਰ ਨੂੰ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਬਾਗੜੀ ਭਾਈਚਾਰੇ ਵੱਲੋਂ ਕਰਵਾਏ ਜਾਂਦੇ ਧਾਰਮਿਕ ਸਮਾਗਮਾਂ ਲਈ ਮੰਦਰ ਹਰ ਸਾਲ ਖੁੱਲ੍ਹਦਾ ਹੈ।



ਇਲਾਕੇ 'ਚ ਤਲਾਸ਼ੀ ਮੁਹਿੰਮ ਜਾਰੀ


ਇਹ ਹਮਲਾ ਐਤਵਾਰ ਸਵੇਰੇ ਹੋਇਆ। ਜਦੋਂ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਤਾਂ ਹਮਲਾਵਰ ਅੰਨ੍ਹੇਵਾਹ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ | ਹਮਲੇ ਵਿੱਚ ਅੱਠ ਜਾਂ ਨੌ ਬੰਦੂਕਧਾਰੀ ਸ਼ਾਮਲ ਸਨ। ਪੁਲਿਸ ਦਾ ਕਹਿਣਾ ਹੈ ਕਿ ਇਲਾਕੇ 'ਚ ਤਲਾਸ਼ੀ ਮੁਹਿੰਮ ਜਾਰੀ ਹੈ। ਇਨ੍ਹਾਂ ਦੋਵਾਂ ਘਟਨਾਵਾਂ ਨੇ ਇਲਾਕਾ ਨਿਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਹੋਇਆ ਹੈ। ਲੋਕਾਂ ਦੀ ਮੰਗ ਹੈ ਕਿ ਸੁਰੱਖਿਆ ਵਧਾਈ ਜਾਵੇ। ਐਸਐਸਪੀ ਨੇ ਹਿੰਦੂ ਭਾਈਚਾਰੇ ਦੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸੁਰੱਖਿਆ ਕੀਤੀ ਜਾਵੇਗੀ।