ਬੰਗਲਾਦੇਸ਼ ਦੀ ਸਿਆਸਤ ਵਿੱਚ ਵੱਡੇ ਘਟਨਾਕ੍ਰਮ ਤਹਿਤ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਦੀ ਮੁਖੀ ਬੇਗਮ ਖ਼ਾਲਿਦਾ ਜ਼ਿਆ ਦੇ ਪੁੱਤਰ ਤਾਰਿਕ ਰਹਮਾਨ ਕਰੀਬ 17 ਸਾਲਾਂ ਦੇ ਲੰਬੇ ਅੰਤਰਾਲ ਤੋਂ ਬਾਅਦ ਦੇਸ਼ ਵਾਪਸ ਆ ਗਏ ਹਨ। ਤਾਰਿਕ ਰਹਮਾਨ ਦੀ ਵਾਪਸੀ ਨਾਲ BNP ਸਮਰਥਕਾਂ ਵਿੱਚ ਜ਼ਬਰਦਸਤ ਉਤਸ਼ਾਹ ਵੇਖਿਆ ਜਾ ਰਿਹਾ ਹੈ ਅਤੇ ਇਸਨੂੰ ਦੇਸ਼ ਦੀ ਸਿਆਸਤ ਵਿੱਚ ਇੱਕ ਅਹਿਮ ਮੋੜ ਵਜੋਂ ਦੇਖਿਆ ਜਾ ਰਿਹਾ ਹੈ।

Continues below advertisement

ਤਾਰਿਕ ਰਹਿਮਾਨ ਦੀ ਵਤਨ ਵਾਪਸੀ ਅਜਿਹੇ ਸਮੇਂ ਹੋਈ ਹੈ, ਜਦੋਂ ਬੰਗਲਾਦੇਸ਼ ਗੰਭੀਰ ਰਾਜਨੀਤਿਕ ਅਸਥਿਰਤਾ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹਿੰਸਕ ਅੰਦੋਲਨ ਜਾਰੀ ਹਨ, ਜਦਕਿ ਜਮਾਤ-ਏ-ਇਸਲਾਮੀ ਵਰਗੀਆਂ ਕੱਟੜਪੰਥੀ ਤਾਕਤਾਂ ਆਪਣੇ ਪ੍ਰਭਾਵ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਭਾਰਤ ਲਈ ਤਾਰਿਕ ਰਹਿਮਾਨ ਦੀ ਵਾਪਸੀ ਕਿਉਂ ਅਹਿਮ ਹੈ, ਇਸ ਦੇ ਕਈ ਕਾਰਨ ਹਨ। ਦਿੱਲੀ ਲਈ ਤਾਰਿਕ ਰਹਿਮਾਨ ਦੀ ਵਾਪਸੀ ਖਾਸ ਮਹੱਤਵ ਰੱਖਦੀ ਹੈ ਕਿਉਂਕਿ ਭਾਰਤ-ਪੱਖੀ ਮੰਨੀ ਜਾਂਦੀ ਆਵਾਮੀ ਲੀਗ ਨੂੰ ਚੋਣਾਂ ਲੜਨ ਤੋਂ ਰੋਕਿਆ ਗਿਆ ਹੈ ਅਤੇ ਬੇਗਮ ਖ਼ਾਲਿਦਾ ਜ਼ਿਆ ਇਸ ਵੇਲੇ ਹਸਪਤਾਲ ਵਿੱਚ ਦਾਖ਼ਲ ਹਨ। ਅਜਿਹੇ ਹਾਲਾਤਾਂ ਵਿੱਚ ਬੰਗਲਾਦੇਸ਼ ਇੱਕ ਨਾਜ਼ੁਕ ਮੋੜ ‘ਤੇ ਖੜ੍ਹਾ ਨਜ਼ਰ ਆ ਰਿਹਾ ਹੈ।

Continues below advertisement

ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨੁਸ ਦੇ ਦੌਰਾਨ ਕੱਟੜਪੰਥੀ ਇਸਲਾਮਿਕ ਤੱਤਾਂ ਦੀ ਸਰਗਰਮੀ ਵਧੀ ਹੈ ਅਤੇ ਭਾਰਤ ਵਿਰੋਧੀ ਬਿਆਨਬਾਜ਼ੀ ਵਿੱਚ ਵੀ ਤੇਜ਼ੀ ਆਈ ਹੈ।

ਚੋਣੀ ਸਿਆਸੀ ਸਮੀਕਰਨ ਅਤੇ ਜਮਾਤ ਦੀ ਵਧਦੀ ਤਾਕਤ ਨੂੰ ਲੈ ਕੇ ਚਿੰਤਾ ਵਧ ਰਹੀ ਹੈ। ਹਾਲੀਆ ਜਨਮਤ ਸਰਵੇਖਣਾਂ ਮੁਤਾਬਕ ਚੋਣਾਂ ਵਿੱਚ BNP ਦੇ ਸਭ ਤੋਂ ਵੱਧ ਸੀਟਾਂ ਜਿੱਤਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ, ਪਰ ਉਸਦੀ ਸਾਬਕਾ ਸਾਥੀ ਜਮਾਤ-ਏ-ਇਸਲਾਮੀ ਵੱਲੋਂ ਕੜੀ ਟੱਕਰ ਮਿਲ ਰਹੀ ਹੈ। ਭਾਰਤ ਦੀ ਚਿੰਤਾ ਇਸ ਕਰਕੇ ਵੀ ਵਧ ਗਈ ਹੈ ਕਿਉਂਕਿ ਜਮਾਤ ਦੀ ਵਿਦਿਆਰਥੀ ਇਕਾਈ ਨੇ ਢਾਕਾ ਯੂਨੀਵਰਸਿਟੀ ਦੇ ਵਿਦਿਆਰਥੀ ਸੰਘ ਚੋਣਾਂ ਵਿੱਚ ਅਚਾਨਕ ਵੱਡੀ ਜਿੱਤ ਦਰਜ ਕੀਤੀ ਹੈ, ਜੋ ਉਸਦੀ ਵਧਦੀ ਸਿਆਸੀ ਪਕੜ ਵੱਲ ਇਸ਼ਾਰਾ ਕਰਦੀ ਹੈ।

ਭਾਰਤ ਲਈ ਇਹ ਘਟਨਾਕ੍ਰਮ ਇਸ ਕਰਕੇ ਸਕਾਰਾਤਮਕ ਸੰਕੇਤ ਮੰਨਿਆ ਜਾ ਰਿਹਾ ਹੈ ਕਿਉਂਕਿ ਨਵੀਂ ਦਿੱਲੀ BNP ਨੂੰ ਤੁਲਨਾਤਮਕ ਤੌਰ ‘ਤੇ ਉਦਾਰ ਅਤੇ ਲੋਕਤੰਤਰਕ ਵਿਕਲਪ ਵਜੋਂ ਦੇਖਦੀ ਹੈ, ਭਾਵੇਂ ਦੋਵਾਂ ਦੇ ਰਿਸ਼ਤੇ ਇਤਿਹਾਸਕ ਤੌਰ ‘ਤੇ ਤਣਾਅਪੂਰਨ ਰਹੇ ਹਨ। ਭਾਰਤ ਨੂੰ ਉਮੀਦ ਹੈ ਕਿ ਤਾਰਿਕ ਰਹਿਮਾਨ ਦੀ ਵਾਪਸੀ ਨਾਲ ਪਾਰਟੀ ਕਾਰਕੁਨਾਂ ਵਿੱਚ ਨਵਾਂ ਜੋਸ਼ ਆਵੇਗਾ ਅਤੇ BNP ਅਗਲੀ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਆ ਸਕਦੀ ਹੈ।

ਸ਼ੇਖ ਹਸੀਨਾ ਦੇ ਸ਼ਾਸਨ ਦੌਰਾਨ ਬੰਗਲਾਦੇਸ਼ ਨੇ ਭਾਰਤ ਨਾਲ ਨੇੜਲੇ ਰਿਸ਼ਤੇ ਬਣਾਈ ਰੱਖੇ ਅਤੇ ਚੀਨ ਤੇ ਪਾਕਿਸਤਾਨ ਨਾਲ ਸੰਤੁਲਿਤ ਦੂਰੀ ਬਣਾਈ। ਯੂਨੁਸ ਸਰਕਾਰ ਦੇ ਸਮੇਂ ਪਾਕਿਸਤਾਨ ਨਾਲ ਨੇੜਤਾ ਵਧੀ ਅਤੇ ਭਾਰਤ ਨਾਲ ਦੂਰੀ ਨਜ਼ਰ ਆਈ ਹੈ। ਇਸ ਪਿਛੋਕੜ ‘ਚ ਭਾਰਤ ਨੂੰ ਆਸ ਹੈ ਕਿ BNP ਦੇ ਸੱਤਾ ‘ਚ ਆਉਣ ਨਾਲ ਵਿਦੇਸ਼ ਨੀਤੀ ਵਿੱਚ ਬਦਲਾਅ ਆ ਸਕਦਾ ਹੈ। 

ਤਾਰਿਕ ਰਹਿਮਾਨ ਨੇ ਯੂਨੁਸ ਸਰਕਾਰ ਨਾਲ ਆਪਣੇ ਅੰਤਰ ਦੱਸਦੇ ਹੋਏ ਅੰਤਰਿਮ ਸਰਕਾਰ ਵੱਲੋਂ ਲੰਬੇ ਸਮੇਂ ਲਈ ਕੀਤੇ ਜਾ ਰਹੇ ਵਿਦੇਸ਼ ਨੀਤੀ ਸੰਬੰਧੀ ਫ਼ੈਸਲਿਆਂ ‘ਤੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਨੇ ਜਮਾਤ-ਏ-ਇਸਲਾਮੀ ਦੀ ਖੁੱਲ੍ਹੀ ਆਲੋਚਨਾ ਕਰਦਿਆਂ ਚੋਣਾਂ ਵਿੱਚ ਉਸ ਨਾਲ ਕਿਸੇ ਵੀ ਤਰ੍ਹਾਂ ਦੇ ਗਠਜੋੜ ਤੋਂ ਇਨਕਾਰ ਕੀਤਾ ਹੈ।

ਇਸ ਸਾਲ ਦੀ ਸ਼ੁਰੂਆਤ ਵਿੱਚ ਲੰਡਨ ਵਿੱਚ ਰਹਿੰਦਿਆਂ ਤਾਰਿਕ ਰਹਿਮਾਨ ਨੇ ‘ਬੰਗਲਾਦੇਸ਼ ਫ਼ਰਸਟ’ ਵਿਦੇਸ਼ ਨੀਤੀ ਦੀ ਗੱਲ ਕੀਤੀ ਸੀ, ਜੋ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ‘ਅਮਰੀਕਾ ਫ਼ਰਸਟ’ ਨਾਅਰੇ ਤੋਂ ਪ੍ਰੇਰਿਤ ਮੰਨੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਸੀ, “ਨਾ ਦਿੱਲੀ, ਨਾ ਪਿੰਡੀ, ਬੰਗਲਾਦੇਸ਼ ਸਭ ਤੋਂ ਪਹਿਲਾਂ,” ਜਿਸ ਨਾਲ ਇਹ ਸਪਸ਼ਟ ਹੁੰਦਾ ਹੈ ਕਿ BNP ਨਾ ਤਾਂ ਰਾਵਲਪਿੰਡੀ ਅਤੇ ਨਾ ਹੀ ਦਿੱਲੀ ਦੇ ਬਹੁਤ ਨੇੜੇ ਜਾਣ ਦੀ ਨੀਤੀ ਅਪਣਾਉਣ ਦੀ ਸੋਚ ‘ਚ ਹੈ।

ਤਾਰਿਕ ਰਹਿਮਾਨ ਦੀ ਘਰ ਵਾਪਸੀ

ਤਾਰਿਕ ਰਹਮਾਨ ਦਾ ਢਾਕਾ ਆਗਮਨ ਬਹੁਤ ਸ਼ਾਨਦਾਰ ਰਿਹਾ। ਏਅਰਪੋਰਟ ਤੋਂ ਉਨ੍ਹਾਂ ਦੇ ਨਿਵਾਸ ਤੱਕ ਕੱਢੇ ਗਏ ਰੋਡ ਸ਼ੋਅ ਵਿੱਚ ਕਰੀਬ 50 ਲੱਖ BNP ਵਰਕਰਾਂ ਦੇ ਸ਼ਾਮਲ ਹੋਣ ਦਾ ਦਾਅਵਾ ਕੀਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਤਾਰਿਕ ਰਹਮਾਨ ਬੋਗੁਰਾ–6 (ਸਦਰ) ਸੀਟ ਤੋਂ ਚੋਣ ਲੜ ਸਕਦੇ ਹਨ, ਜਦਕਿ ਪਾਰਟੀ ਮੁਖੀ ਖ਼ਾਲਿਦਾ ਜੀਆ ਆਪਣੇ ਗੜ੍ਹ ਬੋਗੁਰਾ–7 (ਗਾਬਟਾਲੀ–ਸ਼ਾਜਹਾਨਪੁਰ) ਤੋਂ ਮੈਦਾਨ ਵਿੱਚ ਉਤਰਣਗੀਆਂ। ਸੂਤਰਾਂ ਮੁਤਾਬਕ, ਇਸ ਤਾਕਤ ਪ੍ਰਦਰਸ਼ਨ ਨਾਲ ਕੱਟੜਪੰਥੀ ਤੱਤ ਖੁਸ਼ ਨਹੀਂ ਹਨ ਅਤੇ ਚੋਣਾਂ ਤੋਂ ਪਹਿਲਾਂ BNP ਤੇ ਜਮਾਤ ਦਰਮਿਆਨ ਟਕਰਾਅ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸਰਕਾਰ ਵੱਲੋਂ ਵੀਰਵਾਰ ਨੂੰ ਉੱਚ ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ। ਸਥਾਨਕ ਮੀਡੀਆ ਅਨੁਸਾਰ, 10 ਖ਼ਾਸ ਟ੍ਰੇਨਾਂ ਰਾਹੀਂ ਕਰੀਬ 3 ਲੱਖ ਸਮਰਥਕ ਰਾਜਧਾਨੀ ਪਹੁੰਚੇ, ਜਿਸਨੂੰ BNP ਨੇ “ਇਤਿਹਾਸਕ ਭੀੜ” ਕਰਾਰ ਦਿੱਤਾ।

ਕੌਣ ਹਨ ਤਾਰਿਕ ਰਹਿਮਾਨ

ਤਾਰਿਕ ਰਹਿਮਾਨ ਸਾਬਕਾ ਰਾਸ਼ਟਰਪਤੀ ਜ਼ਿਆਉਰ ਰਹਿਮਾਨ ਦੇ ਪੁੱਤਰ ਹਨ ਅਤੇ 2008 ਤੋਂ ਲੰਡਨ ਵਿੱਚ ਰਹਿ ਰਹੇ ਹਨ। ਸ਼ੇਖ ਹਸੀਨਾ ਦੇ ਸ਼ਾਸਨ ਦੌਰਾਨ ਉਨ੍ਹਾਂ ਨੂੰ ਕਈ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ, ਜਿਸਨੂੰ BNP ਨੇ ਰਾਜਨੀਤਿਕ ਸਾਜ਼ਿਸ਼ ਦੱਸਿਆ। 2007 ਵਿੱਚ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ‘ਚ ਉਨ੍ਹਾਂ ਦੀ ਗ੍ਰਿਫ਼ਤਾਰੀ ਹੋਈ ਸੀ ਅਤੇ ਹਿਰਾਸਤ ਦੌਰਾਨ ਗੰਭੀਰ ਸਿਹਤ ਸਮੱਸਿਆਵਾਂ ਤੇ ਤਸ਼ੱਦਦ ਦੇ ਦੋਸ਼ ਵੀ ਲੱਗੇ। 2008 ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਇਲਾਜ ਲਈ ਲੰਡਨ ਜਾਣ ਦੀ ਇਜਾਜ਼ਤ ਮਿਲੀ, ਉਸ ਤੋਂ ਬਾਅਦ ਉਹ ਓਥੇ ਹੀ ਰਹਿ ਰਹੇ ਸਨ।

ਉਨ੍ਹਾਂ ਨੂੰ 2004 ਦੇ ਢਾਕਾ ਗ੍ਰੇਨੇਡ ਹਮਲੇ ਮਾਮਲੇ ਵਿੱਚ ਵੀ ਗੈਰਹਾਜ਼ਰੀ ‘ਚ ਸਜ਼ਾ ਸੁਣਾਈ ਗਈ ਸੀ। ਇਸ ਹਮਲੇ ਵਿੱਚ 24 ਲੋਕਾਂ ਦੀ ਮੌਤ ਹੋਈ ਸੀ, ਜਦਕਿ ਸ਼ੇਖ ਹਸੀਨਾ ਬਚ ਗਏ ਸਨ। 2008 ਵਿੱਚ ਢਾਕਾ ਟ੍ਰਿਬਿਊਨ ਦੀ ਇੱਕ ਰਿਪੋਰਟ ਸੀਰੀਜ਼ ‘ਚ 2001–06 ਦੇ BNP ਸ਼ਾਸਨ ਦੌਰਾਨ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਦਿਆਂ ਉਨ੍ਹਾਂ ਨੂੰ “ਡਾਰਕ ਪ੍ਰਿੰਸ” ਕਿਹਾ ਗਿਆ ਸੀ। ਹਾਲਾਂਕਿ, ਪਿਛਲੇ ਇੱਕ ਸਾਲ ਦੌਰਾਨ ਅਦਾਲਤਾਂ ਵੱਲੋਂ ਉਨ੍ਹਾਂ ਨੂੰ ਸਾਰੇ ਵੱਡੇ ਮਾਮਲਿਆਂ ਵਿੱਚ ਬਰੀ ਕਰ ਦਿੱਤਾ ਗਿਆ ਹੈ।