ਨਵੀਂ ਦਿੱਲੀ: ਕਿਸਾਨ ਅੰਦੋਲਨ ਬਾਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਟਿੱਪਣੀ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਦੇ ਕਿਸੇ ਵੀ ਪ੍ਰਧਾਨ ਮੰਤਰੀ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਨਹੀਂ ਬੋਲਣਾ ਚਾਹੀਦਾ। ਭਾਰਤ ਨੂੰ ਕਿਸੇ ਦੀ ਦਖ਼ਲ ਅੰਦਾਜ਼ੀ ਦੀ ਲੋੜ ਨਹੀਂ। ਅਸੀਂ ਆਪਸ 'ਚ ਬੈਠ ਕੇ ਸਮੱਸਿਆਵਾਂ ਸੁਲਝਾ ਲਵਾਂਗੇ।
ਰੱਖਿਆ ਮੰਤਰੀ ਨੇ ਕਿਹਾ 'ਇਹ ਭਾਰਤ ਦਾ ਅੰਦਰੂਨੀ ਮਸਲਾ ਹੈ ਦੁਨੀਆਂ ਦੇ ਕਿਸੇ ਦੇਸ਼ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਬੋਲਣ ਦਾ ਹੱਕ ਨਹੀਂ। ਭਾਰਤ ਐਸਾ ਵੈਸਾ ਦੇਸ਼ ਨਹੀਂ ਕਿ ਜਿਸ ਦਾ ਜੋ ਜੀ ਚਾਹੇ ਉਹ ਬੋਲ ਦੇਵੇ।'
ਵਿਦੇਸ਼ਾਂ 'ਚ ਕਿਸਾਨਾਂ ਦੇ ਹੱਕ 'ਚ ਪ੍ਰਦਰਸ਼ਨ ਤੇ ਸਾਜ਼ਿਸ਼ ਦੇ ਇਲਜ਼ਾਮਾਂ ਤੇ ਰੱਖਿਆ ਮੰਤਰੀ ਨੇ ਕਿਹਾ ਕਿਸਾਨਾਂ ਦੇ ਮਨ 'ਚ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਤਿੰਨਾਂ ਖੇਤੀ ਕਾਨੂੰਨਾਂ 'ਤੇ ਪੜਾਅ ਦਰ ਚਰਚਾ ਕਰਨ। ਉਨ੍ਹਾਂ ਕਿਹਾ ਜੇਕਰ ਕਿਸੇ ਵੱਡੇ ਮਾਹਿਰ ਨੂੰ ਬਿਠਾਉਣ ਦੀ ਲੋੜ ਹੈ ਤਾਂ ਉਹ ਵੀ ਬਿਠਾ ਲਿਆ ਜਾਵੇ। ਸਰਕਾਰ ਹਰ ਗੱਲ ਕਰਨ ਲਈ ਤਿਆਰ ਹੈ।
ਹਾਲਾਂਕਿ ਕਿਸਾਨ ਵਾਰ-ਵਾਰ ਇਹ ਕਹਿ ਰਹੇ ਹਨ ਕਿ ਉਹ ਜਾਣਦੇ ਹਨ ਕਿ ਇਹ ਖੇਤੀ ਕਾਨੂੰਨ ਉਨ੍ਹਾਂ ਦੀ ਬਰਬਾਦੀ ਦਾ ਰਾਹ ਹਨ ਪਰ ਇਸ ਦੇ ਬਾਵਜੂਦ ਬੀਜੇਪੀ ਲੀਡਰ ਵਾਰ-ਵਾਰ ਇਹੀ ਕਹਿ ਰਹੇ ਹਨ ਕਿ ਕਿਸਾਨਾਂ ਨੂੰ ਕੋਈ ਗੁੰਮਰਾਹ ਕਰ ਰਿਹਾ ਹੈ। ਇੱਥੋਂ ਤਕ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸ ਪਿੱਛੇ ਸਾਰਾ ਦੋਸ਼ ਵਿਰੋਧੀ ਧਿਰਾਂ ਦਾ ਕੱਢ ਰਹੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ