ਵਾਸ਼ਿੰਗਟਨ: ਅਮਰੀਕਾ ਨੇ ਵਿਸ਼ਵ ਸਿਹਤ ਸੰਗਠਨ (WHO) ਨੂੰ ਬਕਾਇਆ ਰਾਸ਼ੀ ਦਾ ਭੁਗਤਾਨ ਨਾ ਕਰਨ ਦਾ ਫੈਸਲਾ ਕੀਤਾ ਹੈ। ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਛੇ ਕਰੋੜ ਡਾਲਰ ਤੋਂ ਜ਼ਿਆਦਾ ਬਕਾਇਆ ਰਾਸ਼ੀ ਨਹੀਂ ਦਿੱਤੀ ਜਾਵੇਗੀ।


ਬੁੱਧਵਾਰ ਐਲਾਨ ਤੋਂ ਇੱਕ ਦਿਨ ਪਹਿਲਾਂ ਵਾਈਟ ਹਾਊਸ ਨੇ ਕੋਵਿਡ-19 ਦੇ ਟੀਕੇ ਦੇ ਵਿਕਾਸ ਤੇ ਵੰਡ ਦੀ WHO ਦੀ ਯੋਜਨਾ 'ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਦੇ ਤਰੀਕੇ ਨੂੰ ਲੈ ਕੇ WHO ਤੋਂ ਖਫਾ ਹੈ।


ਉਨ੍ਹਾਂ ਇਲਜ਼ਾਮ ਲਾਇਆ ਸੀ ਕਿ ਚੀਨ ਦੇ ਦਬਾਅ ਦੇ ਚੱਲਦਿਆਂ ਉਸ ਨੇ ਪ੍ਰਭਾਵੀ ਭੂਮਿਕਾ ਨਹੀਂ ਨਿਭਾਈ। ਜੇਕਰ ਸਮਾਂ ਰਹਿੰਦਿਆਂ WHO ਨੇ ਦੁਨੀਆਂ ਨਾਲ ਜਾਣਕਾਰੀ ਸਾਂਝੀ ਕੀਤੀ ਹੁੰਦੀ ਤਾਂ ਮਹਾਮਾਰੀ ਖਿਲਾਫ ਠੀਕ ਢੰਗ ਨਾਲ ਕਦਮ ਚੁੱਕੇ ਜਾ ਸਕਦੇ ਸਨ। ਇਸ ਲਈ ਉਨ੍ਹਾਂ WHO ਨੂੰ 2020 'ਚ ਦੇਣ ਵਾਲੀ ਰਾਸ਼ੀ 'ਚੋਂ ਕਰੀਬ 6.2 ਕਰੋੜ ਡਾਲਰ ਦੀ ਰਾਸ਼ੀ ਰੋਕਣ ਦਾ ਫੈਸਲਾ ਕੀਤਾ।


WHO ਤੋਂ ਖੁਦ ਦੇ ਵੱਖ ਹੋਣ ਦੀ ਪ੍ਰਕਿਰਿਆ ਦੇ ਬਾਵਜੂਦ ਅਧਿਕਾਰੀਆਂ ਨੇ ਕਿਹਾ ਕਿ ਅਮਰੀਕਾ ਉਨ੍ਹਾਂ ਦੀਆਂ ਚੋਣਵੀਆਂ ਬੈਠਕਾਂ 'ਚ ਸ਼ਾਮਲ ਹੁੰਦਾ ਰਹੇਗਾ। ਉਨ੍ਹਾਂ ਦੱਸਿਆ ਕਿ ਵੱਖ ਹੋਣ ਦੀ ਪ੍ਰਕਿਰਿਆ ਦੇ ਇਕ ਸਾਲ ਦੀ ਸਮਾਂ ਸੀਮਾ ਦੌਰਾਨ ਉਸ ਦੇ ਵਿਸ਼ੇਸ਼ ਪ੍ਰੋਗਰਾਮਾਂ 'ਚ ਅਮਰੀਕਾ ਇਕ ਵਾਰ ਯੋਗਦਾਨ ਵੀ ਦੇਵੇਗਾ।


WHO ਦੇ ਪ੍ਰੋਗਰਾਮਾਂ 'ਚ ਅਫਗਾਨਿਸਤਾਨ ਅਤੇ ਪਾਕਿਸਤਾਨ 'ਚ ਪੋਲੀਓ ਰੋਕਥਾਮ ਪ੍ਰੋਗਰਾਮ, ਲੀਬੀਆ, ਸੀਰੀਆ 'ਚ ਮਨੁੱਖੀ ਸਹਾਇਤਾ ਤੋਂ ਇਲਾਵਾ ਇਨਫਲੂਏਂਜ਼ਾ ਨਾਲ ਨਜਿੱਠਣ ਦੇ ਯਤਨ ਸ਼ਾਮਲ ਹਨ। ਜੁਲਾਈ 'ਚ ਟਰੰਪ ਨੇ ਐਲਾਨ ਕੀਤਾ ਸੀ ਕਿ ਅਮਰੀਕਾ ਜੁਲਾਈ, 2021 ਤਕ WHO ਤੋਂ ਵੱਖ ਹੋ ਜਾਵੇਗਾ।


ਇਸ ਦੇ ਨਾਲ ਹੀ ਪ੍ਰਸ਼ਾਸਨ ਨੂੰ ਉਸ ਦੇ ਵਿੱਤਪੋਸ਼ਣ ਅਤੇ ਸਹਿਯੋਗ ਸਬੰਧੀ ਕੰਮ ਨਿਪਟਾਉਣ ਨੂੰ ਸ਼ੁਰੂ ਕਰਨ ਦਾ ਹੁਕਮ ਦਿੱਤਾ ਸੀ। ਐਲਾਨ ਤਕ ਅਮਰੀਕਾ 2020 ਲਈ ਅੰਦਾਜ਼ਨ 12 ਕਰੋੜ ਡਾਲਰ ਦੀ ਰਾਸ਼ੀ 'ਚੋਂ 5.2 ਡਾਲਰ ਦਾ ਭੁਗਤਾਨ ਕਰ ਚੁੱਕਾ ਸੀ।


ਕੋਰੋਨਾ ਵਾਇਰਸ: ਭਾਰਤ 'ਚ ਖਤਰਨਾਕ ਰੁਝਾਨ, ਇੱਕ ਦਿਨ 'ਚ ਹੁਣ ਤਕ ਦੇ ਸਭ ਤੋਂ ਵੱਧ ਕੇਸ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ