Iran Death Threat to Donald Trump: ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਖਾਮਨੇਈ ਦੇ ਸੀਨੀਅਰ ਸਲਾਹਕਾਰ ਜਵਾਦ ਲਾਰੀਜਾਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਾਰਨ ਦੀ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਹੋ ਸਕਦਾ ਹੈ ਕਿ ਜਦੋਂ ਟਰੰਪ ਆਪਣੀ ਲਗਜ਼ਰੀ ਕੋਠੀ ਮਾਰ-ਏ-ਲਾਗੋ ਵਿੱਚ ਧੁੱਪ ਲੈ ਰਹੇ ਹੋਣ, ਓਸ ਵੇਲੇ ਉਨ੍ਹਾਂ ਨੂੰ ਗੋਲੀ ਲੱਗ ਜਾਵੇ।

ਈਰਾਨ ਇੰਟਰਨੈਸ਼ਨਲ ਵੈਬਸਾਈਟ ਮੁਤਾਬਕ, ਲਾਰੀਜਾਨੀ ਨੇ ਕਿਹਾ, “ਜਦੋਂ ਉਹ ਪੇਟ ਦੇ ਬਲ ਧੁੱਪ 'ਚ ਲੇਟ ਹੋਏ ਹੋਣ, ਤਦ ਇੱਕ ਛੋਟਾ ਜਿਹਾ ਡਰੋਨ ਉਨ੍ਹਾਂ 'ਤੇ ਹਮਲਾ ਕਰ ਸਕਦਾ ਹੈ। ਇਹ ਬਿਲਕੁਲ ਆਸਾਨ ਹੈ।” ਦੱਸਣਯੋਗ ਹੈ ਕਿ ਜਵਾਦ ਲਾਰੀਜਾਨੀ ਨੂੰ ਅਯਾਤੁੱਲਾ ਖਾਮੇਨੇਈ ਦੇ ਨਜ਼ਦੀਕੀ ਮੰਨਿਆ ਜਾਂਦਾ ਹੈ।

'ਬਲੱਡ ਪੈਕਟ' ਵੈੱਬਸਾਈਟ ਇਕੱਠਾ ਕਰ ਰਹੀ ਹੈ ਫੰਡ

ਇਹ ਬਿਆਨ ਉਹ ਸਮਾਂ ਆਇਆ ਹੈ ਜਦੋਂ ‘ਬਲੱਡ ਪੈਕਟ’ ਨਾਂ ਦਾ ਇੱਕ ਆਨਲਾਈਨ ਪਲੇਟਫਾਰਮ ਸਾਹਮਣੇ ਆਇਆ ਹੈ, ਜੋ ਅਯਾਤੁੱਲਾ ਖਾਮੇਨੇਈ ਦੀ ਬੇਇੱਜ਼ਤੀ ਕਰਨ ਵਾਲਿਆਂ ਅਤੇ ਉਨ੍ਹਾਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਣ ਵਾਲਿਆਂ ਦੇ ਖ਼ਿਲਾਫ਼ 'ਬਦਲਾ' ਲੈਣ ਲਈ ਫੰਡ ਇਕੱਠਾ ਕਰ ਰਿਹਾ ਹੈ। ਵੈੱਬਸਾਈਟ ਦਾ ਦਾਅਵਾ ਹੈ ਕਿ ਉਹ ਹੁਣ ਤੱਕ 27 ਮਿਲੀਅਨ ਡਾਲਰ ਤੋਂ ਵੱਧ ਰਕਮ ਇਕੱਠੀ ਕਰ ਚੁੱਕੀ ਹੈ ਅਤੇ ਉਨ੍ਹਾਂ ਦਾ ਟੀਚਾ 100 ਮਿਲੀਅਨ ਡਾਲਰ ਤੱਕ ਪਹੁੰਚਣਾ ਹੈ। ਵੈੱਬਸਾਈਟ 'ਤੇ ਪ੍ਰਕਾਸ਼ਿਤ ਇੱਕ ਬਿਆਨ ਵਿੱਚ ਕਿਹਾ ਗਿਆ ਹੈ, "ਅਸੀਂ ਉਨ੍ਹਾਂ ਲੋਕਾਂ ਨੂੰ ਇਨਾਮ ਦੇਵਾਂਗੇ ਜੋ ਅੱਲਾਹ ਦੇ ਦੁਸ਼ਮਣਾਂ ਅਤੇ ਖਾਮਨੇਈ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਣ ਵਾਲਿਆਂ ਨੂੰ ਇਨਸਾਫ਼ ਤੱਕ ਪਹੁੰਚਾਉਣਗੇ।"

ਪੱਛਮੀ ਦੂਤਾਵਾਸਾਂ ਦੇ ਬਾਹਰ ਪ੍ਰਦਰਸ਼ਨ ਕਰਨ ਦੀ ਅਪੀਲ

ਈਰਾਨ ਦੀ ਰਿਵੋਲਿਊਸ਼ਨਰੀ ਗਾਰਡਜ਼ ਨਾਲ ਜੁੜੀ ਫਾਰਸ ਨਿਊਜ਼ ਏਜੰਸੀ ਨੇ ਇਸ ਮੁਹਿੰਮ ਦੀ ਸ਼ੁਰੂਆਤ ਹੋਣ ਦੀ ਪੁਸ਼ਟੀ ਕੀਤੀ ਹੈ ਅਤੇ ਧਾਰਮਿਕ ਗਰੁੱਪਾਂ ਨੂੰ ਪੱਛਮੀ ਦੇਸ਼ਾਂ ਦੇ ਦੂਤਾਵਾਸਾਂ ਅਤੇ ਸ਼ਹਿਰਾਂ ਦੇ ਕੇਂਦਰਾਂ ਵਿੱਚ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਡੋਨਾਲਡ ਟਰੰਪ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਉੱਤੇ 'ਮੋਹੇਰੇਬੇਹ' ਵਰਗੇ ਇਸਲਾਮੀ ਕਾਨੂੰਨ ਲਾਗੂ ਕੀਤੇ ਜਾਣੇ ਚਾਹੀਦੇ ਹਨ। ਈਰਾਨੀ ਕਾਨੂੰਨ ਅਨੁਸਾਰ ‘ਮੋਹੇਰੇਬੇਹ’ ਅਰਥਾਤ ‘ਅੱਲਾਹ ਦੇ ਖ਼ਿਲਾਫ਼ ਜੰਗ’ ਇੱਕ ਗੰਭੀਰ ਅਪਰਾਧ ਹੈ ਜਿਸ ਦੀ ਸਜ਼ਾ ਮੌਤ ਹੁੰਦੀ ਹੈ।

ਈਰਾਨ ਸਰਕਾਰ ਨੇ ਬਣਾਈ ਦੂਰੀ

ਈਰਾਨ ਦੇ ਨਵੇਂ ਰਾਸ਼ਟਰਪਤੀ ਮਸੂਦ ਪੇਜੇਸ਼ਕਿਆਨ ਨੇ ਅਮਰੀਕੀ ਪੱਤਰਕਾਰ ਟੱਕਰ ਕਾਰਲਸਨ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ‘ਫਤਵਾ’ ਨਾ ਤਾਂ ਸਰਕਾਰ ਦਾ ਹੈ ਅਤੇ ਨਾ ਹੀ ਖਾਮਨੇਈ ਦਾ। ਪਰ ਖਾਮਨੇਈ ਦੇ ਅਧੀਨ ਚੱਲਣ ਵਾਲੇ ‘ਕਯਹਾਨ’ ਅਖਬਾਰ ਨੇ ਇਸ ਬਿਆਨ ਨੂੰ ਰੱਦ ਕਰਦਿਆਂ ਲਿਖਿਆ, "ਇਹ ਕੋਈ ਅਕਾਦਮਿਕ ਰਾਇ ਨਹੀਂ, ਬਲਕਿ ਧਰਮ ਦੀ ਰੱਖਿਆ ਲਈ ਦਿੱਤਾ ਗਿਆ ਧਾਰਮਿਕ ਹੁਕਮ ਹੈ।" ਅਖਬਾਰ ਨੇ ਚੇਤਾਵਨੀ ਦਿੱਤੀ ਕਿ ਭਵਿੱਖ ਵਿੱਚ ਜੇ ਕਿਸੇ ਨੇ ਅਜਿਹੀ ‘ਚਿੰਗਾਰੀ’ ਭੜਕਾਈ ਤਾਂ ਨਤੀਜਾ ਘਾਤਕ ਹੋਵੇਗਾ। ਲੇਖ ਦੇ ਆਖਰ ਵਿੱਚ ਲਿਖਿਆ ਗਿਆ – "ਇਸਲਾਮਿਕ ਰਿਪਬਲਿਕ ਇਜ਼ਰਾਈਲ ਨੂੰ ਖੂਨ ਵਿੱਚ ਡੁੱਬੋ ਦੇਵੇਗੀ।"

 

ਟਰੰਪ ਦੀ ਹੱਤਿਆ ਦੀ ਧਮਕੀ ਕਾਰਨ ਲੋਕ ਨਾਰਾਜ਼

ਈਰਾਨ ਦੇ ਸਾਬਕਾ ਸੰਸਦ ਮੈਂਬਰ ਗੋਲਾਮਅਲੀ ਜਾਫ਼ਰਜ਼ਾਦੇ ਇਮੇਨਾਬਾਦੀ ਨੇ 'ਕਯਹਾਨ' ਅਖ਼ਬਾਰ ਦੇ ਰੁਖ ਦੀ ਆਲੋਚਨਾ ਕਰਦਿਆਂ ਕਿਹਾ, "ਮੈਨੂੰ ਵਿਸ਼ਵਾਸ ਨਹੀਂ ਹੁੰਦਾ ਕਿ 'ਕਯਹਾਨ' ਦੇ ਸੰਪਾਦਕ ਸ਼ਰੀਅਤਮਦਾਰੀ ਈਰਾਨੀ ਹਨ। ਟਰੰਪ ਦੀ ਹੱਤਿਆ ਦੀ ਗੱਲ ਕਰਨਾ ਈਰਾਨੀ ਜਨਤਾ 'ਤੇ ਦਬਾਅ ਵਧਾਉਂਦਾ ਹੈ।" ਇਸ ਦੇ ਜਵਾਬ ਵਿੱਚ 'ਕਯਹਾਨ' ਨੇ ਲਿਖਿਆ – "ਅੱਜ ਟਰੰਪ ਤੋਂ ਬਦਲਾ ਲੈਣਾ ਇੱਕ ਕੌਮੀ ਮੰਗ ਬਣ ਚੁੱਕੀ ਹੈ। ਇਮੇਨਾਬਾਦੀ ਦੇ ਬਿਆਨ ਈਰਾਨੀ ਮੂਲ ਸਿਧਾਂਤਾਂ ਨਾਲ ਮੇਲ ਨਹੀਂ ਖਾਂਦੇ।"

ਕਾਸਿਮ ਸੁਲੇਮਾਨੀ ਦੀ ਹੱਤਿਆ ਤੋਂ ਬਾਅਦ ਤੋਂ ਟਰੰਪ ਨਿਸ਼ਾਨੇ 'ਤੇ

ਡੋਨਾਲਡ ਟਰੰਪ 2020 ਵਿੱਚ ਇਰਾਕ ਵਿੱਚ ਈਰਾਨੀ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਦਾ ਹੁਕਮ ਦੇਣ ਤੋਂ ਬਾਅਦ ਤੋਂ ਲਗਾਤਾਰ ਈਰਾਨੀ ਹਮਲਿਆਂ ਦੇ ਨਿਸ਼ਾਨੇ 'ਤੇ ਹਨ। ਪਿਛਲੇ ਸਾਲ ਅਮਰੀਕੀ ਏਜੰਸੀਆਂ ਨੇ ਖੁਲਾਸਾ ਕੀਤਾ ਸੀ ਕਿ ਈਰਾਨ ਦੀ ਰਿਵੋਲਿਊਸ਼ਨਰੀ ਗਾਰਡਜ਼ ਵੱਲੋਂ ਟਰੰਪ ਦੀ ਹੱਤਿਆ ਦੀ ਸਾਜ਼ਿਸ਼ ਰਚੀ ਗਈ ਸੀ।