US Tariff On Canada-Mexico: ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ(Donald trump) ਕੈਨੇਡਾ ਤੋਂ ਆਯਾਤ 'ਤੇ ਪ੍ਰਸਤਾਵਿਤ ਅਮਰੀਕੀ ਟੈਰਿਫ ਨੂੰ 30 ਦਿਨਾਂ ਲਈ ਰੋਕਣ ਲਈ ਸਹਿਮਤ ਹੋ ਗਏ ਹਨ। ਇਹ ਫੈਸਲਾ ਮੈਕਸੀਕੋ ਤੋਂ ਆਯਾਤ 'ਤੇ ਇਸੇ ਤਰ੍ਹਾਂ ਦੀ ਪਾਬੰਦੀ ਤੋਂ ਬਾਅਦ ਲਿਆ ਗਿਆ ਹੈ ਜਦੋਂ ਦੋਵੇਂ ਦੇਸ਼ ਅਮਰੀਕਾ ਵਿੱਚ ਫੈਂਟਾਨਿਲ ਦੀ ਤਸਕਰੀ ਨੂੰ ਰੋਕਣ ਲਈ ਕਾਰਵਾਈ ਕਰਨ ਲਈ ਸਹਿਮਤ ਹੋਏ ਸਨ।
ਸ਼ਨੀਵਾਰ ਨੂੰ ਟਰੰਪ ਨੇ ਐਲਾਨ ਕੀਤਾ ਸੀ ਕਿ ਉਹ ਕੈਨੇਡਾ ਅਤੇ ਮੈਕਸੀਕੋ ਤੋਂ ਆਯਾਤ ਕੀਤੇ ਜਾਣ ਵਾਲੇ ਸਮਾਨ 'ਤੇ 25 ਪ੍ਰਤੀਸ਼ਤ ਟੈਰਿਫ ਲਗਾਉਣਗੇ ਅਤੇ ਚੀਨ ਤੋਂ ਆਉਣ ਵਾਲੇ ਸਮਾਨ 'ਤੇ 10 ਪ੍ਰਤੀਸ਼ਤ ਟੈਰਿਫ ਲਗਾਉਣ ਦਾ ਵੀ ਪ੍ਰਸਤਾਵ ਰੱਖਿਆ ਹੈ। ਉਨ੍ਹਾਂ ਕੈਨੇਡਾ ਤੋਂ ਆਯਾਤ ਕੀਤੇ ਜਾਣ ਵਾਲੇ ਊਰਜਾ ਸਰੋਤਾਂ 'ਤੇ 10 ਪ੍ਰਤੀਸ਼ਤ ਟੈਰਿਫ ਲਗਾਉਣ ਦੀ ਵੀ ਯੋਜਨਾ ਬਣਾਈ ਹੈ।
ਟਰੂਡੋ ਨੇ ਚੇਤਾਵਨੀ ਦਿੱਤੀ ਸੀ ਕਿ ਜੇ ਟੈਰਿਫ ਲਾਗੂ ਹੁੰਦੇ ਹਨ, ਤਾਂ ਕੈਨੇਡਾ ਨੂੰ 155 ਬਿਲੀਅਨ ਡਾਲਰ ਦੇ ਅਮਰੀਕੀ ਸਮਾਨ 'ਤੇ 25 ਪ੍ਰਤੀਸ਼ਤ ਟੈਰਿਫ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੋਮਵਾਰ ਨੂੰ, ਟਰੂਡੋ ਨੇ ਟਵੀਟ ਕੀਤਾ ਕਿ ਟਰੰਪ ਨਾਲ ਉਨ੍ਹਾਂ ਦੀ ਗੱਲਬਾਤ ਸਫਲ ਰਹੀ ਹੈ ਤੇ 30 ਦਿਨਾਂ ਦੇ ਟੈਰਿਫ ਰੋਕਣ ਦਾ ਫੈਸਲਾ ਲਿਆ ਗਿਆ।
ਇਸ ਪਾਬੰਦੀ ਦਾ ਇੱਕ ਮੁੱਖ ਕਾਰਨ ਫੈਂਟਾਨਿਲ ਦੀ ਤਸਕਰੀ ਨੂੰ ਰੋਕਣ ਲਈ ਚੁੱਕੇ ਗਏ ਕਦਮ ਹਨ। ਟਰੂਡੋ ਨੇ ਕਿਹਾ ਕਿ ਕੈਨੇਡਾ ਕੋਲ ਫੈਂਟਾਨਿਲ ਤਸਕਰੀ 'ਤੇ ਨਕੇਲ ਕੱਸਣ ਲਈ "ਫੈਂਟਾਨਿਲ ਜ਼ਾਰ ਨਿਯੁਕਤ ਕਰਨ" ਤੇ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ 1.3 ਬਿਲੀਅਨ ਡਾਲਰ ਦੀ ਯੋਜਨਾ ਹੈ। ਇਸ ਯੋਜਨਾ ਦੇ ਤਹਿਤ, ਕੈਨੇਡਾ-ਅਮਰੀਕਾ ਸਰਹੱਦ ਦੀ ਸੁਰੱਖਿਆ ਨੂੰ ਨਵੇਂ ਹੈਲੀਕਾਪਟਰਾਂ, ਤਕਨਾਲੋਜੀ ਅਤੇ 10,000 ਫਰੰਟਲਾਈਨ ਕਰਮਚਾਰੀਆਂ ਨਾਲ ਮਜ਼ਬੂਤ ਕੀਤਾ ਜਾਵੇਗਾ। ਟਰੂਡੋ ਨੇ ਲਿਖਿਆ ਕਿ ਸਾਡੇ ਅਮਰੀਕੀ ਭਾਈਵਾਲਾਂ ਨਾਲ ਤਾਲਮੇਲ ਵਧਾ ਕੇ ਫੈਂਟਾਨਿਲ ਦੀ ਸਪਲਾਈ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਕਸੀਕੋ 'ਤੇ ਟੈਰਿਫ ਨੂੰ ਇੱਕ ਮਹੀਨੇ ਲਈ ਰੋਕਣ ਦਾ ਫੈਸਲਾ ਕੀਤਾ ਹੈ। ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਇਹ ਫੈਸਲਾ ਅਮਰੀਕੀ ਰਾਸ਼ਟਰਪਤੀ ਨਾਲ ਗੱਲਬਾਤ ਤੋਂ ਬਾਅਦ ਲਿਆ ਗਿਆ ਹੈ। ਇਸ ਫੈਸਲੇ ਦੀ ਪੁਸ਼ਟੀ ਵ੍ਹਾਈਟ ਹਾਊਸ ਨੇ ਵੀ ਕਰ ਦਿੱਤੀ ਹੈ। ਮੈਕਸੀਕੋ 'ਤੇ ਲਗਾਏ ਗਏ ਟੈਰਿਫ ਦੀ ਮੁਅੱਤਲੀ ਨੇ ਦੋਵਾਂ ਦੇਸ਼ਾਂ ਵਿਚਕਾਰ ਆਰਥਿਕ ਤਣਾਅ ਨੂੰ ਅਸਥਾਈ ਤੌਰ 'ਤੇ ਘਟਾ ਦਿੱਤਾ ਹੈ। ਹਾਲਾਂਕਿ, ਇਸ ਦੌਰਾਨ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਡੋਨਾਲਡ ਟਰੰਪ ਹੁਣ ਚੀਨ ਬਾਰੇ ਕੀ ਫੈਸਲਾ ਲੈਣਗੇ, ਕਿਉਂਕਿ ਚੀਨ ਵੀ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹੈ ਜਿਨ੍ਹਾਂ 'ਤੇ ਟੈਰਿਫ ਲਗਾਇਆ ਗਿਆ ਹੈ।