Donald Trump: ਇੱਕ ਵਾਰ ਫਿਰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਐਤਵਾਰ ਨੂੰ ਜਦੋਂ ਗੋਲਫ ਦੇ ਮੈਦਾਨ ਵਿਚੋਂ ਖੇਡ ਕੇ ਨਿਕਲ ਰਹੇ ਸਨ, ਤਾਂ ਉਸ ਵੇਲੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। FBI ਦਾ ਕਹਿਣਾ ਹੈ ਕਿ ਗੋਲੀਬਾਰੀ ਟਰੰਪ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਸੀ ਪਰ ਸਖ਼ਤ ਸੁਰੱਖਿਆ ਕਰਕੇ ਹਮਲਾਵਰ ਨੂੰ ਉਥੋਂ ਭੱਜਣਾ ਪਿਆ। ਚੋਣਾਂ ਦੌਰਾਨ ਟਰੰਪ 'ਤੇ ਇਹ ਦੂਜਾ ਹਮਲਾ ਹੈ, ਐਫਬੀਆਈ ਅਤੇ ਸੀਕ੍ਰੇਟ ਸਰਵਿਸਿਜ਼ ਨੇ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਮਲਾਵਰ ਨੇ ਹਮਲੇ ਤੋਂ ਪਹਿਲਾਂ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀ ਕਿ ਇਸ ਸਾਲ 'ਲੋਕਤੰਤਰ ਮਤਦਾਨ 'ਤੇ ਹੈ ਅਤੇ ਅਸੀਂ ਹਾਰ ਨਹੀਂ ਸਕਦੇ।' ਇਹ ਗੱਲ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਰਾਸ਼ਟਰਪਤੀ ਜੋਅ ਬਿਡੇਨ ਆਪਣੇ ਭਾਸ਼ਣਾਂ ਵਿੱਚ ਬੋਲਦੇ ਆਏ ਹਨ। ਸੁਰੱਖਿਆ ਏਜੰਸੀ ਨੇ ਹਮਲਾਵਰ ਦੀ ਪਛਾਣ 58 ਸਾਲਾ ਰਿਆਨ ਵੇਸਲੇ ਰਾਊਥ ਵਜੋਂ ਕੀਤੀ ਹੈ। ਰਾਊਥ ਦਾ ਲੰਬਾ ਅਪਰਾਧਿਕ ਰਿਕਾਰਡ ਹੈ ਅਤੇ ਉਹ ਅਕਸਰ ਆਪਣੇ ਸੋਸ਼ਲ ਮੀਡੀਆ 'ਤੇ ਰਾਜਨੀਤੀ ਬਾਰੇ ਪੋਸਟ ਕਰਦਾ ਰਹਿੰਦਾ ਹੈ।
ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਟਰੰਪ 'ਤੇ ਹੋਏ ਇਸ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਸੁਰੱਖਿਆ ਏਜੰਸੀਆਂ ਨੂੰ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਰਾਊਥ ਦੇ ਲਿੰਕਡਇਨ ਤੋਂ ਮਿਲੀ ਜਾਣਕਾਰੀ ਅਨੁਸਾਰ ਉਸ ਨੇ ਨਾਰਥ ਕੈਰੋਲੀਨਾ ਐਗਰੀਕਲਚਰਲ ਐਂਡ ਟੈਕਨੀਕਲ ਸਟੇਟ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਸੀ। ਲਿੰਕਡਇਨ 'ਤੇ ਰਾਊਥ ਨੇ ਆਪਣੇ ਆਪ ਨੂੰ 'ਮਸ਼ੀਨਰੀ ਮਾਈਂਡਿਡ' ਅਤੇ ਨਵੀਆਂ ਕਾਢਾਂ ਅਤੇ ਵਿਚਾਰਾਂ ਦਾ ਸਮਰਥਕ ਦੱਸਿਆ ਹੈ। ਰਾਊਥ 2018 ਤੋਂ ਹਵਾਈ ਵਿੱਚ ਰਹਿ ਰਿਹਾ ਹੈ ਅਤੇ ਲੰਬੇ ਸਮੇਂ ਤੋਂ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰਾਂ ਦਾ ਸਮਰਥਕ ਰਿਹਾ ਹੈ।
ਇਹ ਵੀ ਪੜ੍ਹੋ: ਡੋਨਾਲਡ ਟਰੰਪ 'ਤੇ ਫਿਰ ਚੱਲੀ ਗੋਲੀ, FBI ਨੇ ਕਿਹਾ 'ਕਤਲ ਦੀ ਕੋਸ਼ਿਸ਼', ਇਕ ਗ੍ਰਿਫਤਾਰ
ਉਸਨੇ 2019 ਤੋਂ ਡੈਮੋਕਰੇਟਿਕ ਉਮੀਦਵਾਰਾਂ ਨੂੰ ਡੋਨੇਸ਼ਨ ਦਿੱਤਾ ਹੈ। ਫੈਡਰਲ ਚੋਣ ਕਮਿਸ਼ਨ (FEC) ਫਾਈਲਿੰਗ ਦੇ ਅਨੁਸਾਰ, ਉਸ ਨੇ ਸਤੰਬਰ 2020 ਵਿੱਚ ਫੰਡਰੇਜ਼ਿੰਗ ਪਲੇਟਫਾਰਮ ActBlue ਨੂੰ $140 ਦਾਨ ਕੀਤੇ ਸਨ।
10 ਮਾਰਚ, 2023 ਨੂੰ ਜਾਰੀ ਕੀਤੀ ਸੈਮਾਫੋਰ ਰਿਪੋਰਟ ਵਿੱਚ ਰਾਊਥ ਨੂੰ ਯੂਕਰੇਨ ਵਿੱਚ ਅੰਤਰਰਾਸ਼ਟਰੀ ਵਾਲੰਟੀਅਰ ਸੈਂਟਰ (IVC) ਦਾ ਮੁਖੀ ਦੱਸਿਆ ਗਿਆ ਹੈ। IVC ਇੱਕ ਨਿੱਜੀ ਸੰਸਥਾ ਹੈ ਜੋ ਵਲੰਟੀਅਰਾਂ ਨੂੰ ਯੂਕਰੇਨ ਵਿੱਚ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਲਈ ਸ਼ਕਤੀ ਪ੍ਰਦਾਨ ਕਰਦੀ ਹੈ। ਰਾਊਥ ਨੇ ਆਪਣੇ ਸੋਸ਼ਲ ਮੀਡੀਆ 'ਤੇ ਕਈ ਅਜਿਹੀਆਂ ਗੱਲਾਂ ਲਿਖੀਆਂ ਹਨ, ਜੋ ਕਮਲਾ ਅਤੇ ਜੋ ਬਿਡੇਨ ਦੇ ਬਿਆਨਾਂ ਨਾਲ ਮਿਲਦੀਆਂ-ਜੁਲਦੀਆਂ ਹਨ। ਉਸ ਦੇ ਸੋਸ਼ਲ ਮੀਡੀਆ ਅਕਾਊਂਟ ਬੇਤੁਕੇ ਟਵੀਟਸ ਅਤੇ ਜਵਾਬਾਂ ਨਾਲ ਭਰੇ ਹੋਏ ਹਨ, ਇਸ ਵਿਅਕਤੀ ਨੇ ਸੋਸ਼ਲ ਮੀਡੀਆ 'ਤੇ ਯੂਕਰੇਨ ਜਾ ਕੇ ਲੜਾਈ ਲੜਨ ਦੀ ਗੱਲ ਵੀ ਆਖੀ ਹੈ। ਉਸ ਨੇ ਪੁਤਿਨ ਵਿਰੁੱਧ ਵਿਨਾਸ਼ਕਾਰੀ ਬਿਆਨ ਵੀ ਦਿੱਤੇ ਹਨ।
ਇਹ ਵੀ ਪੜ੍ਹੋ: ਪੰਜਾਬ ਦੇ NEET ਟਾਪਰ ਨਵਦੀਪ ਸਿੰਘ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ