ਪਿਛਲੇ ਕੁੱਝ ਸਮੇਂ ਤੋਂ ਭਾਰਤ ਅਤੇ ਅਮਰੀਕੀ ਰਿਸ਼ਤਿਆਂ ਦੇ ਵਿੱਚ ਤਲਖੀ ਦੇਖਣ ਨੂੰ ਮਿਲ ਰਹੀ ਹੈ। ਅਜਿਹੇ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਨਵਾਂ ਐਗਜ਼ੈਕਟਿਵ ਆਰਡਰ ਜਾਰੀ ਕੀਤਾ ਹੈ, ਜਿਸਦੇ ਤਹਿਤ ਸੋਮਵਾਰ ਯਾਨੀਕਿ 8 ਸਤੰਬਰ ਤੋਂ ਉਹਨਾਂ ਵਪਾਰਿਕ ਸਾਥੀ ਦੇਸ਼ਾਂ ਨੂੰ ਟੈਰਿਫ ਛੋਟ ਮਿਲੇਗੀ, ਜੋ ਅਮਰੀਕਾ ਨਾਲ ਉਦਯੋਗਿਕ ਨਿਰਯਾਤ 'ਤੇ ਸਮਝੌਤਾ ਕਰਨਗੇ। ਇਹ ਛੋਟ ਖ਼ਾਸ ਤੌਰ 'ਤੇ ਮਹੱਤਵਪੂਰਨ ਚੀਜ਼ਾਂ ਜਿਵੇਂ ਕਿ ਨਿਕਲ, ਸੋਨਾ, ਫਾਰਮਾਸਿਊਟਿਕਲ ਕੰਪਾਊਂਡ ਅਤੇ ਕੇਮੀਕਲਸ 'ਤੇ ਦਿੱਤੀ ਜਾਵੇਗੀ। ਇਸਦਾ ਮਕਸਦ ਗਲੋਬਲ ਵਪਾਰ ਪ੍ਰਣਾਲੀ ਨੂੰ ਮੁੜ ਗਠਿਤ ਕਰਨਾ, ਅਮਰੀਕੀ ਵਪਾਰ ਘਾਟੇ ਨੂੰ ਘਟਾਉਣਾ ਅਤੇ ਵਪਾਰਿਕ ਸਾਥੀਆਂ ਨੂੰ ਹੋਰ ਸੌਦੇਬਾਜ਼ੀ ਲਈ ਪ੍ਰੇਰਿਤ ਕਰਨਾ ਹੈ।
ਨਵੇਂ ਆਰਡਰ ਵਿੱਚ ਕੀ ਹੈ ਖ਼ਾਸ?
ਟਰੰਪ ਪ੍ਰਸ਼ਾਸਨ ਦੇ ਇਸ ਆਰਡਰ ਤਹਿਤ 45 ਤੋਂ ਵੱਧ ਚੀਜ਼ਾਂ ਦੀਆਂ ਸ਼੍ਰੇਣੀਆਂ ਸ਼ਾਮਲ ਕੀਤੀਆਂ ਗਈਆਂ ਹਨ, ਜਿਨ੍ਹਾਂ 'ਤੇ ਅਲਾਇੰਡ ਪਾਰਟਨਰਜ਼ ਨੂੰ ਜ਼ੀਰੋ ਇਮਪੋਰਟ ਟੈਰਿਫ ਮਿਲੇਗਾ। ਇਹ ਸਾਥੀ ਉਹ ਦੇਸ਼ ਹੋਣਗੇ, ਜੋ ਅਮਰੀਕਾ ਨਾਲ ਫਰੇਮਵਰਕ ਸਮਝੌਤੇ 'ਤੇ ਦਸਤਖ਼ਤ ਕਰਨਗੇ ਅਤੇ ਟਰੰਪ ਪ੍ਰਸ਼ਾਸਨ ਵੱਲੋਂ ਲਗਾਏ ਗਏ ਰੈਸਿਪ੍ਰੋਕਲ ਟੈਰਿਫ ਅਤੇ ਸ਼ੁਲਕ ਘਟਾਉਣ ਦਾ ਵਾਅਦਾ ਕਰਨਗੇ। ਇਹ ਕਦਮ ਜਪਾਨ, ਯੂਰਪੀ ਸੰਘ (EU) ਸਮੇਤ ਅਮਰੀਕਾ ਦੇ ਮੌਜੂਦਾ ਗਠਜੋੜ ਵਾਲੇ ਦੇਸ਼ਾਂ ਨਾਲ ਕੀਤੇ ਸਮਝੌਤਿਆਂ ਦੇ ਅਨੁਕੂਲ ਵੀ ਹੈ। ਇਹ ਛੋਟ ਸੋਮਵਾਰ ਰਾਤ 12 ਵਜੇ ਤੋਂ ਲਾਗੂ ਹੋ ਜਾਵੇਗੀ।
ਕਿਹੜੀਆਂ ਚੀਜ਼ਾਂ 'ਤੇ ਮਿਲੇਗੀ ਛੋਟ
ਵ੍ਹਾਈਟ ਹਾਊਸ ਦੇ ਅਨੁਸਾਰ, ਟੈਰਿਫ ਛੋਟ ਉਨ੍ਹਾਂ ਵਸਤੂਆਂ 'ਤੇ ਲਾਗੂ ਹੋਵੇਗੀ ਜੋ ਅਮਰੀਕਾ ਵਿੱਚ ਨਹੀਂ ਉਗਾਈਆਂ, ਖੁਦਾਈਆਂ ਜਾਂ ਕੁਦਰਤੀ ਤੌਰ 'ਤੇ ਪੈਦਾ ਨਹੀਂ ਕੀਤੀਆਂ ਜਾ ਸਕਦੀਆਂ, ਜਾਂ ਜਿਨ੍ਹਾਂ ਦਾ ਘਰੇਲੂ ਉਤਪਾਦਨ ਦੁਰਲੱਭ ਹੈ। ਇਨ੍ਹਾਂ ਛੋਟ ਵਾਲੀਆਂ ਵਸਤੂਆਂ ਵਿੱਚ ਕੁਦਰਤੀ ਗ੍ਰੇਫਾਈਟ, ਕਈ ਤਰ੍ਹਾਂ ਦਾ ਨਿੱਕਲ (ਜੋ ਸਟੇਨਲੈਸ ਸਟੀਲ ਅਤੇ ਇਲੈਕਟ੍ਰਿਕ ਵਾਹਨਾਂ ਦੀਆਂ ਬੈਟਰੀਆਂ ਲਈ ਜ਼ਰੂਰੀ ਹਨ), ਫਾਰਮਾਸਿਊਟੀਕਲ ਮਿਸ਼ਰਣ ਜਿਵੇਂ ਕਿ ਲਿਡੋਕੇਨ, ਅਤੇ ਮੈਡੀਕਲ ਡਾਇਗਨੌਸਟਿਕ ਟੈਸਟਿੰਗ ਦੇ ਰੀਏਜੰਟਸ ਸ਼ਾਮਲ ਹਨ। ਇਸ ਤੋਂ ਇਲਾਵਾ, ਸੋਨੇ ਦੀਆਂ ਵੱਖ-ਵੱਖ ਚੀਜ਼ਾਂ ਜਿਵੇਂ ਕਿ ਪਾਊਡਰ, ਪੱਤੇ ਅਤੇ ਬੁਲੀਅਨ ਵੀ ਇਨ੍ਹਾਂ ਛੋਟਾਂ ਵਿੱਚ ਸ਼ਾਮਲ ਹਨ।
ਖ਼ਾਸ ਪ੍ਰਾਵਧਾਨ ਅਤੇ ਬਦਲਾਅ
ਇਸ ਆਰਡਰ ਵਿੱਚ ਕੁਝ ਖ਼ਾਸ ਖੇਤੀਬਾੜੀ ਉਤਪਾਦਾਂ, ਏਅਰਕ੍ਰਾਫਟ ਅਤੇ ਉਸਦੇ ਪੁਰਜ਼ਿਆਂ, ਅਤੇ ਗੈਰ-ਪੇਟੈਂਟ ਫਾਰਮਾਸਿਊਟਿਕਲ ਚੀਜ਼ਾਂ ਲਈ ਵੀ ਛੋਟ ਦਿੱਤੀ ਗਈ ਹੈ। ਆਰਡਰ ਦੇ ਤਹਿਤ, ਜਦੋਂ ਇਕ ਵਾਰ ਅਨੁਕੂਲ ਵਪਾਰ ਸਮਝੌਤਾ ਹੋ ਜਾਵੇਗਾ, ਤਾਂ ਬਿਨਾਂ ਨਵੇਂ ਐਗਜ਼ੈਕਟਿਵ ਆਰਡਰ ਦੀ ਲੋੜ ਤੋਂ ਬਿਨਾਂ, ਅਮਰੀਕੀ ਟ੍ਰੇਡ ਰਿਪ੍ਰਜ਼ੈਂਟੇਟਿਵ (USTR), ਵਪਾਰ ਵਿਭਾਗ ਅਤੇ ਕਸਟਮ ਅਧਿਕਾਰੀ ਸੁਤੰਤਰ ਤੌਰ 'ਤੇ ਇਨ੍ਹਾਂ ਵਸਤਾਂ 'ਤੇ ਟੈਰਿਫ ਮੁਆਫ਼ ਕਰ ਸਕਣਗੇ। ਨਾਲ ਹੀ ਇਸ ਨਵੇਂ ਆਰਡਰ ਨੇ ਕੁਝ ਪਹਿਲਾਂ ਦਿੱਤੀਆਂ ਛੋਟਾਂ ਨੂੰ ਰੱਦ ਵੀ ਕਰ ਦਿੱਤਾ ਹੈ, ਜਿਸ ਵਿੱਚ ਪਲਾਸਟਿਕ ਅਤੇ ਪਾਲੀਸਿਲਿਕਾਨ (ਜੋ ਸੋਲਰ ਪੈਨਲਾਂ ਲਈ ਜ਼ਰੂਰੀ ਚੀਜ਼ ਹੈ) ਸ਼ਾਮਲ ਹਨ।
ਮੌਜੂਦਾ ਹਾਲਾਤ ਅਤੇ ਅਸਰਸਵਿਟਜ਼ਰਲੈਂਡ ਵਰਗੇ ਵੱਡੇ ਸਪਲਾਈ ਕਰਨ ਵਾਲੇ ਦੇਸ਼, ਜਿਨ੍ਹਾਂ ਨੂੰ ਅਜੇ ਤੱਕ ਵਾਸ਼ਿੰਗਟਨ ਨਾਲ ਸਮਝੌਤਾ ਨਹੀਂ ਮਿਲਿਆ, ਉਨ੍ਹਾਂ 'ਤੇ 39% ਟੈਰਿਫ ਲਾਗੂ ਹੈ। ਇਸ ਕਦਮ ਨਾਲ ਅਮਰੀਕਾ ਉਹਨਾਂ ਵਸਤਾਂ ਉੱਤੇ ਨਿਰਭਰਤਾ ਘਟਾਉਣਾ ਚਾਹੁੰਦਾ ਹੈ, ਜੋ ਘਰੇਲੂ ਤੌਰ 'ਤੇ ਪੂਰੀ ਮਾਤਰਾ ਵਿੱਚ ਉਪਲਬਧ ਨਹੀਂ ਹੋ ਸਕਦੀਆਂ। ਨਵੇਂ ਆਰਡਰ ਦੇ ਕਾਰਨ ਗਲੋਬਲ ਵਪਾਰ 'ਤੇ ਵੱਡਾ ਅਸਰ ਪਵੇਗਾ ਅਤੇ ਅਮਰੀਕਾ ਦੇ ਉਦਯੋਗਿਕ ਹਿੱਤਾਂ ਦੀ ਰੱਖਿਆ ਵਿੱਚ ਵੀ ਮਦਦ ਮਿਲੇਗੀ।
ਨਵੇਂ ਆਰਡਰ ਵਿੱਚ ਭਾਰਤ ਲਈ ਕੀ ਹੈ?ਟਰੰਪ ਦੇ ਨਵੇਂ ਆਰਡਰ ਨਾਲ ਭਾਰਤ ਨੂੰ ਤੁਰੰਤ ਕੋਈ ਫ਼ਾਇਦਾ ਨਹੀਂ ਮਿਲਣ ਵਾਲਾ। ਟੈਰਿਫ ਛੋਟ ਦੀ ਸੂਚੀ ਵਿੱਚ ਭਾਰਤ ਨੂੰ ਸ਼ਾਮਲ ਨਹੀਂ ਕੀਤਾ ਗਿਆ। ਭਾਰਤ 'ਤੇ ਅਜੇ ਵੀ 50 ਪ੍ਰਤੀਸ਼ਤ ਟੈਰਿਫ ਲਾਗੂ ਹੈ। ਹਾਲਾਂਕਿ ਟਰੰਪ ਨੇ ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਤਾਰੀਫ਼ ਕੀਤੀ ਹੈ ਅਤੇ ਜਵਾਬ ਵਿੱਚ ਪੀਐਮ ਮੋਦੀ ਨੇ ਟਰੰਪ ਦਾ ਧੰਨਵਾਦ ਕੀਤਾ ਹੈ, ਉਸ ਤੋਂ ਬਾਅਦ ਇਹ ਅਟਕਲਾਂ ਲੱਗ ਰਹੀਆਂ ਹਨ ਕਿ ਭਾਰਤ 'ਤੇ ਲਗਾਏ ਗਏ ਭਾਰੀ-ਭਰਕਮ ਟੈਰਿਫ ਨੂੰ ਲੈ ਕੇ ਟਰੰਪ ਜਲਦੀ ਕੋਈ ਰਾਹਤ ਦਾ ਐਲਾਨ ਕਰ ਸਕਦੇ ਹਨ।