ਨਵੀਂ ਦਿੱਲੀ: ਅਮਰੀਕਾ ਨੇ ਸੰਯੁਕਤ ਰਾਸ਼ਟਰ 'ਚ ਆਪਣੀ ਅੰਬੈਸਡਰ ਨਿੱਕੀ ਹੈਲੀ ਦੇ ਅਧਿਕਾਰਤ ਘਰ ਦੇ ਪਰਦਿਆਂ 'ਤੇ 52,000 ਡਾਲਰ ਤੋਂ ਵੱਧ ਖਰਚ ਕੀਤਾ ਹੈ। ਇਹ ਇਸ ਵੇਲੇ ਕਿਹਾ ਗਿਆ ਹੈ ਜਦੋਂ ਯੂਐਸ ਸਟੇਟ ਡਿਪਾਰਟਮੈਂਟ ਨਾਲ ਜੁੜੀਆਂ ਭਾਰੀ ਬਜਟ ਕਟੌਤੀ ਦੀਆਂ ਖ਼ਬਰਾਂ ਸੁਰਖੀਆਂ ਬਣ ਰਹੀਆਂ ਹਨ।
'ਨਿਊਯਾਰਕ ਟਾਇਮਜ਼' ਮੁਤਾਬਕ ਹੈਲੀ ਪਹਿਲੀ ਅਜਿਹੀ ਯੂਐਨ ਅੰਬੈਸਡਰ ਹੈ ਜੋ ਨਿਊਯਾਰਕ ਸ਼ਹਿਰ ਦੇ ਹੈਡਕੁਆਰਟਰ ਦੇ ਨਜ਼ਦੀਕ ਆਫੀਸ਼ੀਅਲ ਘਰ 'ਚ ਰਹਿੰਦੀ ਹੈ। ਹੈਲੀ ਦੇ ਬੁਲਾਰੇ ਨੇ ਇਸ ਮਾਮਲੇ 'ਚ ਉਨ੍ਹਾਂ ਵੱਲੋਂ ਸਫਾਈ ਪੇਸ਼ ਕਰਦਿਆਂ ਕਿਹਾ ਕਿ ਨਵੇਂ ਪਰਦੇ ਖਰੀਦਣ ਦਾ ਫੈਸਲਾ ਓਬਾਮਾ ਪ੍ਰਸ਼ਾਸਨ ਦੌਰਾਨ ਸਾਲ 2016 'ਚ ਕੀਤਾ ਗਿਆ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਪਰਦਿਆਂ 'ਤੇ ਹੀ 52,000 ਡਾਲਰ ਯਾਨੀ ਅੱਜ ਦੇ ਹਿਸਾਬ ਨਾਲ ਭਾਰਤੀ ਕਰੰਸੀ ਵਿੱਚ ਕਰੀਬ 21 ਲੱਖ ਰੁਪਏ ਖਰਚ ਕੀਤੇ ਗਏ ਹਨ। ਇਨ੍ਹਾਂ ਪਰਦਿਆਂ ਨੂੰ ਖੋਲ੍ਹਣ 'ਤੇ ਬੰਦ ਕਰਨ ਲਈ ਮੋਟਰ ਤੇ ਹਾਰਡਵੇਅਰ ਦੀ ਲੋੜ ਪੈਂਦੀ ਹੈ। ਉਸ 'ਤੇ 22,801 ਡਾਲਰ ਖਰਚ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਯੂਐਨ ਦੇ ਕਈ ਅੰਬੈਸਡਰ ਦਹਾਕਿਆਂ ਤੱਕ ਸੰਯੁਕਤ ਰਾਸ਼ਟਰ ਕੋਲ ਵਾਲਡੋਰਫ ਐਸਟੋਰੀਆ ਹੋਟਲ 'ਚ ਰਹਿੰਦੇ ਸਨ। ਪਰ ਚੀਨੀ ਬੀਮਾ ਕੰਪਨੀ ਵੱਲੋਂ ਹੋਟਲ ਖਰੀਦੇ ਜਾਣ ਤੋਂ ਬਾਅਦ ਰਾਜ ਵਿਭਾਗ ਨੇ 2016 'ਚ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਆਪਣੇ ਸੀਨੀਅਰ ਰਾਜਨੀਤਿਕਾਂ ਲਈ ਨਵਾਂ ਪਤਾ ਲੱਭਣ ਦਾ ਫੈਸਲਾ ਕੀਤਾ।
'ਨਿਊਯਾਰਕ ਟਾਇਮਜ਼' ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਆਵਾਸ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਸਕੱਤਰ ਬੇਨ ਕਾਰਸਨ ਦੇ ਦਫਤਰ ਲਈ 22 ਲੱਖ ਰੁਪਏ ਦੇ ਖਰੀਦੇ ਗਏ ਡਾਇਨਿੰਗ ਰੂਮ ਸੈਟ ਤੋਂ ਵੀ ਹੈਲੀ ਦੇ ਪਰਦੇ ਜ਼ਿਆਦਾ ਮਹਿੰਗੇ ਹਨ।
ਨਿੱਕੀ ਹੈਲੀ ਸੰਯੁਕਤ ਰਾਸ਼ਟਰ 'ਚ ਅਮਰੀਕਾ ਦਾ ਸਭ ਤੋਂ ਵੱਡੀ ਭਾਰਤੀ ਮੂਲ ਦੀ ਅਧਿਕਾਰੀ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨਾਲ ਅਫੇਅਰ ਕਾਰਨ ਵੀ ਉਹ ਸੁਰਖੀਆਂ 'ਚ ਰਹੀ ਸੀ। ਹਾਲਾਂਕਿ ਹੈਲੀ ਨੇ ਅਫੇਅਰ ਦੀਆਂ ਖ਼ਬਰਾਂ ਨੂੰ ਬਹੁਤ ਅਪਮਾਨਜਨਕ ਕਰਾਰ ਦਿੱਤਾ ਸੀ।