ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਤੇ ਚੀਨ ਨੂੰ ਲੈ ਕੇ ਕਿਹਾ ਕਿ ਇਹ ਦੋਵੇਂ ਦੇਸ਼ ਹੁਣ ਵਿਕਾਸਸ਼ੀਲ ਦੇਸ਼ ਨਹੀਂ ਰਹੇ। ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਉਹ WTO ਵੱਲੋਂ ਉਨ੍ਹਾਂ ਨੂੰ ਮਿਲ ਰਹੇ ਫਾਇਦੇ ਲੈ ਰਹੇ ਹਨ। ਟਰੰਪ ਆਪਣੀ ਅਮਰੀਕਾ ਫਸਟ ਨੀਤੀ ਤਹਿਤ ਭਾਰਤ ਦਾ ਮੁੱਖ ਆਲੋਚਕ ਰਿਹਾ ਹੈ।

ਅਮਰੀਕਾ ਤੇ ਚੀਨ ਫਿਲਹਾਲ ਵਪਾਰਕ ਜੰਗ ‘ਚ ਲੱਗੇ ਹੋਏ ਹਨ। ਟਰੰਪ ਨੇ ਚੀਨੀ ਸਾਮਾਨ ‘ਤੇ ਟੈਕਸ ਲਾ ਦਿੱਤਾ ਹੈ। ਇਸ ਤੋਂ ਪਹਿਲਾਂ ਜੁਲਾਈ ‘ਚ ਟਰੰਪ ਨੇ ਵਿਸ਼ਵ ਵਪਾਰਕ ਸੰਘ ਨੂੰ ਇਹ ਪਰਿਭਾਸ਼ਿਤ ਕਰਨ ਨੂੰ ਕਿਹਾ ਸੀ ਕਿ ਉਹ ਵਿਕਾਸਸ਼ੀਲ ਦੇਸ਼ ਦੀ ਸਥਿਤੀ ਨੂੰ ਕਿਵੇਂ ਤੈਅ ਕਰਦਾ ਹੈ। ਅਸਲ ‘ਚ ਟਰੰਪ ਨੇ ਅਜਿਹਾ ਚੀਨ, ਭਾਰਤ ਤੇ ਤੁਰਕੀ ਨੂੰ ਗਲੋਬਲ ਟ੍ਰੈਂਡ ਵਿੱਚੋਂ ਬਾਹਰ ਕਰਨ ਲਈ ਕੀਤਾ ਸੀ।

ਮੰਗਲਵਾਰ ਨੂੰ ਟਰੰਪ ਪੇਂਸਿਲਵੇਨੀਆ ‘ਚ ਇੱਕ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਤੇ ਚੀਨ ਹੁਣ ਵਿਕਾਸਸ਼ੀਲ ਦੇਸ਼ ਨਹੀਂ ਰਹੇ। ਇਸ ਲਈ ਉਹ ਹੁਣ WTO ਤੋਂ ਲਾਭ ਨਹੀਂ ਲੈ ਸਕਦੇ। ਟਰੰਪ ਨੇ ਅੱਗੇ ਕਿਹਾ ਕਿ ਇਹ ਦੇਸ਼ WTO ਤੋਂ ਵਿਕਾਸਸ਼ੀਲ ਰਾਸ਼ਟਰ ਟੈਗ ਦਾ ਲਾਭ ਚੁੱਕ ਰਹੇ ਹਨ, ਜਿਸ ਤੋਂ ਅਮਰੀਕਾ ਨੂੰ ਨੁਕਸਾਨ ਹੋ ਰਿਹਾ ਹੈ।

ਟਰੰਪ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ WTO ਅਮਰੀਕਾ ਨਾਲ ਇਨਸਾਫ ਕਰੇਗਾ। ਉਨ੍ਹਾਂ ਨੇ ਕਿਹਾ ਕਿ ਉਹ ਪਹਿਲਾਂ ਇਨ੍ਹਾਂ ਦੇਸ਼ਾਂ ਨੂੰ ਵਿਕਾਸਸ਼ੀਲ ਮੰਨਦਾ ਸੀ ਪਰ ਹੁਣ ਇਹ ਦੋਵੇਂ ਦੇਸ਼ ਵਿਕਸਿਤ ਹੋ ਚੁੱਕੇ ਹਨ। ਅਮਰੀਕਾ ਅਜਿਹੇ ਦੇਸ਼ਾਂ ਨੂੰ WTO ਦਾ ਲਾਭ ਨਹੀਂ ਲੈਣ ਦਵੇਗਾ।