ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੂੰ ਟਵੀਟ ਕਰਕੇ ਚੇਤਾਵਨੀ ਦਿੱਤੀ ਹੈ। ਆਪਣੇ ਟਵੀਟ ਵਿੱਚ ਉਨ੍ਹਾਂ ਲਿਖਿਆ ਕਿ ਅੱਗੇ ਤੋਂ ਅਮਰੀਕਾ ਨੂੰ ਧਮਕੀ ਨਾ ਦੇਣ, ਨਹੀਂ ਤਾਂ ਅਜਿਹੇ ਗੰਭੀਰ ਨਤੀਜੇ ਭੁਗਤਣੇ ਪੈਣਗੇ ਜਿਸ ਦੀ ਮਿਸਾਲ ਇਤਿਹਾਸ ਵਿੱਚ ਮੁਸ਼ਕਲ ਨਾਲ ਹੀ ਮਿਲਦੀ ਹੈ। ਖਾਸ ਗੱਲ ਇਹ ਹੈ ਕਿ ਆਪਣੀ ਗੱਲ ’ਤੇ ਜ਼ੋਰ ਦੇਣ ਲਈ ਉਨ੍ਹਾਂ ਪੂਰਾ ਟਵੀਟ ਵੱਡੇ ਅੱਖਰਾਂ ਵਿੱਚ ਲਿਖਿਆ ਹੈ। ਇਸ ਤੋਂ ਪਹਿਲਾਂ ਵੀ ਟਰੰਪ ਨੇ ਰੂਹਾਨੀ ਨੂੰ ਚੇਤਾਵਨੀ ਦਿੰਦਿਆਂ ਕਿਹਾ ਸੀ ਕਿ ਉਹ ਸੁੱਤੇ ਸ਼ੇਰ ਨੂੰ ਨਾ ਛੇੜਨ।

ਰੂਹਾਨੀ ਨੇ ਕਿਹਾ ਸੀ ਕਿ ਸਾਡੇ ਨਾਲ ਟਕਰਾਏ ਤਾਂ ਸਭ ਤੋਂ ਵੱਡੀ ਜੰਗ ਹੋਏਗੀ। ਉਨ੍ਹਾਂ ਐਤਵਾਰ ਨੂੰ ਇਰਾਨੀ ਰਾਜਦੂਤਾਂ ਨੂੰ ਸਮਾਗਮ ਵਿੱਚ ਕਿਹਾ ਸੀ ਕਿ ਇਰਾਨ ਦੇ ਦੁਸ਼ਮਣ ਚੰਗੀ ਤਰ੍ਹਾਂ ਸਮਝ ਲੈਣ ਕਿ ਸਾਡੇ ਨਾਲ ਜੰਗ ਸਾਰੇ ਯੁੱਧਾਂ ਤੋਂ ਵੱਡੀ ਹੋਏਗੀ। ਇਰਾਨ ਨਾਲ ਸ਼ਾਂਤੀ ਹੋਰ ਸ਼ਾਂਤੀ ਨਾਲੋਂ ਵੱਡੀ ਹੈ। ਇਰਾਨੀ ਰਾਸ਼ਟਰਪਤੀ ਦਫਤਰ ਦੀ ਵੈੱਬਸਾਈਟ ਮੁਤਾਬਕ ਰੂਹਾਨੀ ਨੇ ਟਰੰਪ ਨੂੰ ਚੇਤਾਵਨੀ ਦਿੱਤੀ ਸੀ ਕਿ ਸ਼ੇਰ ਦੀ ਪੂਛ ਨਾਲ ਨਾ ਖੇਡੋ, ਤੁਹਾਨੂੰ ਪਛਤਾਉਣਾ ਪਏਗਾ।



ਅਮਰੀਕਾ ਨੇ ਮਈ ਵਿੱਚ ਈਰਾਨ ਨਾਲ ਇਤਿਹਾਸਿਕ ਪਰਮਾਣੂ ਕਰਾਰ ਖ਼ਤਮ ਕਰ ਦਿੱਤਾ ਸੀ। ਇਸ ਦੇ ਨਾਲ ਉਸ ਨੇ ਈਰਾਨ ’ਤੇ ਨਵੀਆਂ ਰੋਕਾਂ ਲਾਈਆਂ ਸੀ, ਜੋ ਅਗਸਤ ਮਹੀਨੇ ਤੋਂ ਲਾਗੂ ਹੋਣਗੀਆਂ। ਅਮਰੀਕਾ ਦੇ ਇਸ ਕਦਮ ਬਾਅਦ ਹੀ ਦੋਵਾਂ ਦੇਸ਼ਾਂ ਵਿਚਾਲੇ ਟਕਰਾਅ ਵਧ ਗਿਆ ਹੈ।