ਪਯੋਂਗਯਾਂਗ: ਉੱਤਰੀ ਕੋਰੀਆ ਨੇ ਆਪਣੇ ‘ਤੇ ਲੱਗੇ ਬੈਨ ਨੂੰ ਲੈ ਕੇ ਅਮਰੀਕਾ ਨੂੰ ਇੱਕ ਵਾਰ ਫੇਰ ਧਮਕੀ ਦਿੱਤੀ ਹੈ। ਇੱਥੇ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਕਿਹਾ, “ਅਮਰੀਕਾ ਨੂੰ ਆਪਣੇ ਗੱਲਬਾਤ ਦਾ ਤਰੀਕਾ ਬਦਲ ਲੈਣਾ ਚਾਹੀਦਾ ਹੈ ਤਾਂ ਜੋ ਅਸੀਂ ਪਹਿਲੇ ਸਮਝੌਤੇ ਨੂੰ ਬਣਾਏ ਰੱਖੀਏ। ਅਮਰੀਕਾ ਨੂੰ ਸਾਡੇ ਪਿਛਲ਼ੇ ਇੱਕ ਸਾਲ ਦੇ ਰਿਸ਼ਤਿਆਂ ‘ਚ ਆਈ ਤਬਦੀਲੀ ਨੂੰ ਦੇਖਣਾ ਚਾਹੀਦਾ ਹੈ ਤੇ ਜਲਦੀ ਤੋਂ ਜਲਦੀ ਆਪਣੀਆਂ ਨੀਤੀਆਂ ‘ਤੇ ਫੈਸਲਾ ਲੈਣਾ ਚਾਹੀਦਾ ਹੈ, ਨਹੀਂ ਤਾਂ ਕਾਫੀ ਦੇਰ ਹੋ ਜਾਵੇਗੀ ਕਿਉਂਕਿ ਸਬਰ ਦੀ ਵੀ ਇੱਕ ਸੀਮਾ ਹੁੰਦੀ ਹੈ।”


ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਤਾਨਾਸ਼ਾਹ ਕਿਮ ਜੋਂਗ-ਉਨ ਦੀ ਪਹਿਲੀ ਮੁਲਾਕਾਤ ਸਿੰਗਾਪੁਰ ‘ਚ 90 ਮਿੰਟ ਤਕ ਹੋਈ ਸੀ। ਇਸ ‘ਚ 38 ਮਿੰਟ ਨਿੱਜੀ ਗੱਲਬਾਤ ਹੋਈ ਤੇ ਇਸ ਦੌਰਾਨ ਟਰੰਪ ਨੇ ਕਿਮ ਨੂੰ ਪੂਰਨ ਪ੍ਰਮਾਣੂ ਨਿਸ਼ਸ਼ਤਰੀਕਰਨ ਲਈ ਰਾਜੀ ਕਰ ਲਿਆ। ਇਸ ਤੋਂ ਬਾਅਦ ਉੱਤਰੀ ਕੋਰੀਆ ਨੇ ਕੋਈ ਪ੍ਰਮਾਣੂ ਪ੍ਰੀਖਣ ਨਹੀਂ ਕੀਤਾ।

ਹੁਣ ਹਾਲ ਹੀ ‘ਚ ਕਿਮ ਨੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੂੰ ਪ੍ਰਮਾਣੂ ਮਸਲੇ ‘ਤੇ ਗੱਲਬਾਤ ਤੋਂ ਹਟਾਉਣ ਦੀ ਮੰਗ ਕੀਤੀ ਸੀ। ਕਿਮ ਦਾ ਕਹਿਣਾ ਹੈ ਕਿ ਜੇਕਰ ਅਮਰੀਕਾ ਇਸ ਤਰ੍ਹਾਂ ਉੱਤਰੀ ਕੋਰੀਆ ‘ਤੇ ਭਰੋਸਾ ਜ਼ਾਹਿਰ ਨਹੀਂ ਕਰੇਗਾ ਤਾਂ ਉਨ੍ਹਾਂ ਦੇ ਰਿਸ਼ਤੇ ਪਹਿਲਾਂ ਦੀ ਤਰ੍ਹਾਂ ਤਣਾਅ ਵਾਲੇ ਹੋ ਜਾਣਗੇ। ਇਸ ਤਰ੍ਹਾਂ ਦੂਜੀ ਮੁਲਾਕਾਤ ਕਿਸੇ ਸਮਝੌਤੇ ਤੋਂ ਬਿਨਾ ਹੀ ਰੱਦ ਹੋ ਗਈ।