ਲਾਹੌਰ: ਪਾਕਿਸਤਾਨ 'ਚ 25 ਜੁਲਾਈ ਨੂੰ ਹੋਣ ਜਾ ਰਹੀਆਂ ਆਮ ਚੋਣਾਂ ਦੇ ਮੱਦੇਨਜ਼ਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪਾਕਿਸਤਾਨ ਕੈਪਿਟਲ ਸਿਟੀ ਦੇ ਪੁਲਿਸ ਅਫਸਰ (ਸੀਸੀਪੀਓ) ਬੀਏ ਨਾਸਿਰ ਦੀ ਅਗਵਾਈ 'ਚ ਹੋਈ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਤੋਂ ਬਾਅਦ ਉਨ੍ਹਾਂ ਦੱਸਿਆ ਕਿ 25 ਐਸਪੀ, 50 ਡੀਐਸਪੀ ਤੇ 200 ਇੰਸਪੈਕਟਰਾਂ ਦੀ ਅਗਵਾਈ 'ਚ ਕੁੱਲ 35,000 ਪੁਲਿਸ ਅਧਿਕਾਰੀ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਹਨ।

ਇਸ ਮੌਕੇ ਨਾਸਿਰ 25 ਜੁਲਾਈ ਨੂੰ ਸੁਰੱਖਿਆਂ ਇਤਜ਼ਾਮਾਂ 'ਤੇ ਚਰਚਾ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਅਧਿਕਾਰੀ ਪਾਕਿਸਤਾਨੀ ਆਰਮੀ ਨਾਲ ਰਾਬਤਾ ਬਣਾ ਕੇ ਰੱਖਣਗੇ। ਉਨ੍ਹਾਂ ਦੱਸਿਆ ਕਿ ਪੋਲਿੰਗ ਬੂਥਾਂ 'ਤੇ ਸੀਸੀਟੀਵੀ ਤੇ ਏਰੀਅਲ ਸਰਵੀਲੈਂਸ ਜ਼ਰੀਏ ਨਜ਼ਰ ਰੱਖੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਲਾਹੌਰ ਪੁਲਿਸ ਦੇ ਸੀਨੀਅਰ ਅਧਿਕਾਰੀ ਪੂਰਾ ਦਿਨ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਸਰਗਰਮ ਰਹਿਣਗੇ। ਨਾਸਿਰ ਨੇ ਕਿਹਾ ਕਿ ਜੇਕਰ ਕੋਈ ਵੀ ਪਾਕਿਸਤਾਨ ਚੋਣ ਕਮਿਸ਼ਨ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸਨੂੰ ਜੇਲ੍ਹ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਪਾਰਟੀ ਨੂੰ ਕਾਨੂੰਨ ਆਪਣੇ ਹੱਥਾਂ 'ਚ ਲੈਣ ਦੀ ਇਜ਼ਾਜਤ ਨਹੀਂ ਹੋਵੇਗੀ।

ਇਸ ਤੋਂ ਇਲਾਵਾ ਲਾਹੌਰ ਟਰੈਫਿਕ ਪੁਲਿਸ ਵੱਲੋਂ 25 ਜੁਲਾਈ ਲਈ ਵੱਖਰਾ ਟਰੈਫਿਕ ਪਲਾਨ ਉਲੀਕਿਆ ਗਿਆ ਹੈ। ਟਰੈਫਿਕ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸੀਟੀਪੀਐਲ ਦਾ ਸਹਿਯੋਗ ਦੇਣ, ਕਿਸੇ ਵੀ ਅਪਡੇਟ ਲਈ ਐਫਐਮ ਸੁਣਨ ਤੇ ਟਰੈਫਿਕ ਅਪਡੇਟਸ ਲਈ ਰਾਬਤਾ ਐਪ ਦੀ ਵਰਤੋ ਕਰਨ ਤੇ ਕਿਸੇ ਵੀ ਐਮਰਜ਼ੈਂਸੀ ਲਈ 15 ਨੰਬਰ 'ਤੇ ਸੰਪਰਕ ਕੀਤਾ ਜਾਵੇ।